ਖੰਨਾ : ਨਕਲੀ ਨੋਟ ਤਿਆਰ ਕਰਨ ਵਾਲੇ ਗਿਰੋਹ ਦੇ 7 ਮੈਂਬਰ ਨਾਮਜ਼ਦ
Sunday, Mar 04, 2018 - 06:37 AM (IST)
ਖੰਨਾ(ਸੁਨੀਲ)-ਪੁਲਸ ਨੇ ਇਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ, ਜੋ ਕੈਮੀਕਲ ਲਗਾ ਕੇ ਨਕਲੀ ਨੋਟ ਬਣਾਉਣ ਦਾ ਗੋਰਖ-ਧੰਦਾ ਕਰਦੇ ਹੋਏ ਭਾਰਤ ਸਰਕਾਰ ਦੀ ਆਰਥਕ ਹਾਲਤ ਨੂੰ ਕਮਜ਼ੋਰ ਕਰ ਰਿਹਾ ਸੀ। ਇਸ ਗਿਰੋਹ 'ਚ ਕੁਝ ਔਰਤਾਂ ਵੀ ਸ਼ਾਮਲ ਸਨ। ਇਸ ਸੰਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਸਿਟੀ ਥਾਣਾ ਐੱਸ. ਐੱਚ. ਓ. ਰਜਨੀਸ਼ ਸੂਦ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਜਸਵੰਤ ਸਿੰਘ ਵਾਸੀ ਪਿੰਡ ਉੱਚੀ ਰੁੜਕੀ ਥਾਣਾ ਅਮਲੋਹ ਜ਼ਿਲਾ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸਨੂੰ ਅਜਿਹੇ ਗਿਰੋਹ ਬਾਰੇ ਜਾਣਕਾਰੀ ਹੈ, ਜੋ ਨਕਲੀ ਨੋਟ ਤਿਆਰ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅਜਿਹੇ ਗਿਰੋਹ ਦੇ ਝਾਂਸੇ 'ਚ ਉਨ੍ਹਾਂ ਦੇ 2 ਦੋਸਤ ਪਹਿਲਾਂ ਵੀ ਆ ਚੁੱਕੇ ਹਨ। ਇਕ ਪਲਾਨ ਮੁਤਾਬਕ ਸ਼ਿਕਾਇਤਕਰਤਾ ਨੂੰ ਕਥਿਤ ਦੋਸ਼ੀ ਕੁਲਵਿੰਦਰ ਸਿੰਘ ਉਰਫ ਜਿੰਦੀ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਬਿਸ਼ਨਗੜ੍ਹ, ਥਾਣਾ ਭਾਦਸੋਂ, ਜ਼ਿਲਾ ਪਟਿਆਲਾ, ਰੁਪਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਪਿੰਡ ਧਰਮਗੜ੍ਹ ਥਾਣਾ ਅਮਲੋਹ, ਕੁਲਵਿੰਦਰ ਕੌਰ ਪਤਨੀ ਤੇਜਾ ਸਿੰਘ ਵਾਸੀ ਪਿੰਡ ਸ਼ਾਹਪੁਰ ਥਾਣਾ ਪਾਇਲ, ਕਰਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਬੱਸੀਆਂ ਰੋਡ ਰਾਇਕੋਟ ਦੇ ਨਾਲ-ਨਾਲ ਉਨ੍ਹਾਂ ਦੇ ਤਿੰਨ ਹੋਰ ਸਾਥੀ ਜਿੰਦਰ ਸਿੰਘ, ਰਾਮ ਸਿੰਘ ਤੇ ਕਾਲਾ ਨੇ ਦੱਸਿਆ ਕਿ ਉਨ੍ਹਾਂ ਕੋਲ ਅਜਿਹੇ ਕਾਗਜ਼ ਤੇ ਕੈਮੀਕਲ ਹਨ, ਜਿਨ੍ਹਾਂ ਨੂੰ ਜੇਕਰ ਅਸਲੀ ਨੋਟਾਂ ਦੇ ਨਾਲ ਪੇਸਟ ਕਰ ਦਿਓ ਤਾਂ ਉਵੇਂ ਦੇ ਉਵੇਂ ਤਿਆਰ ਹੋ ਜਾਂਦੇ ਹਨ ਤੇ ਇਨ੍ਹਾਂ ਨੂੰ ਕੋਈ ਵੀ ਪਛਾਣ ਨਹੀਂ ਸਕਦਾ। ਉਪਰੋਕਤ ਕਥਿਤ ਦੋਸ਼ੀਆਂ ਨੇ ਸ਼ਿਕਾਇਤਕਰਤਾ ਤੋਂ 5 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਲੈਂਦੇ ਹੋਏ ਇਸ 'ਤੇ ਕੈਮੀਕਲ ਲਗਾ ਦਿੱਤਾ, ਜਿਸਦੇ ਨਾਲ ਇਹ ਨੋਟ ਪੂਰੀ ਤਰ੍ਹਾਂ ਨਾਲ ਕਾਲੇ ਹੋ ਗਏ। ਸ਼ਿਕਾਇਤਕਰਤਾ ਨੇ ਇਕ ਪਲਾਨ ਮੁਤਾਬਕ ਇਕ ਮਾਰਚ ਨੂੰ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਏ. ਬੀ. ਸਮਾਲ ਫਾਇਨਾਂਸ ਬੈਂਕ ਜੀ. ਟੀ. ਰੋਡ ਨੇੜੇ ਮਾਲੇਰਕੋਟਲਾ ਰੋਡ ਚੌਕ ਖੰਨਾ ਦੀ ਬਿਲਡਿੰਗ ਦੀ ਛੱਤ 'ਤੇ ਬੁਲਾ ਲਿਆ। ਜਿੱਥੇ ਇਨ੍ਹਾਂ ਲੋਕਾਂ ਨੇ ਸ਼ਿਕਾਇਤਕਰਤਾ ਨੂੰ ਨੋਟ ਬਣਾ ਕੇ ਦਿਖਾਉਣੇ ਸਨ। ਇਨ੍ਹਾਂ ਕਥਿਤ ਦੋਸ਼ੀਆਂ ਕੋਲ ਨੋਟਾਂ ਦੇ ਸਾਈਜ਼ ਦੇ ਸਫੇਦ ਕਾਗਜ਼ਾਂ ਦੇ 5 ਪੈਕੇਟ, ਨੋਟਾਂ ਦੇ ਸਾਈਜ਼ ਦੇ 11 ਕੈਮੀਕਲ ਲੱਗੇ ਪੈਕੇਟ, 2 ਬੋਤਲਾਂ ਕਾਲੇ ਰੰਗ ਦੇ ਕੈਮੀਕਲ ਤੇ 4 ਸ਼ੀਸ਼ੀਆਂ ਦੇ ਟੁਕੜਿਆਂ ਦੇ ਨਾਲ-ਨਾਲ ਸਫੇਦ ਰੰਗ ਵੀ ਸੀ। ਇਹ ਸਾਰੇ ਕਥਿਤ ਦੋਸ਼ੀ ਆਪਣੇ-ਆਪਣੇ ਵਾਹਨਾਂ 'ਤੇ ਉਪਰੋਕਤ ਸਥਾਨ 'ਤੇ ਪੁੱਜੇ ਸਨ। ਇਸ ਦੌਰਾਨ ਸ਼ਿਕਾਇਤਕਰਤਾ ਜਦੋਂ ਪੁਲਸ ਨੂੰ ਇਸ ਗੱਲ ਦੀ ਸੂਚਨਾ ਦੇਣ ਲੱਗਿਆ ਤਾਂ ਕਥਿਤ ਦੋਸ਼ੀ ਆਪਣੇ ਸਾਰੇ ਸਾਮਾਨ ਦੇ ਨਾਲ-ਨਾਲ ਆਪਣੇ ਵਹੀਕਲ ਮੌਕੇ 'ਤੇ ਛੱਡ ਕੇ ਭੱਜ ਗਏ। ਐੱਸ. ਐੱਚ. ਓ. ਰਜਨੀਸ਼ ਸੂਦ ਦੇ ਨਿਰਦੇਸ਼ਾਂ 'ਤੇ ਤਫਤੀਸ਼ ਅਧਿਕਾਰੀ ਥਾਣੇਦਾਰ ਪ੍ਰਮੋਦ ਕੁਮਾਰ, ਥਾਣੇਦਾਰ ਸ਼ਮਸ਼ੇਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਉਪਰੋਕਤ ਸਥਾਨ ਤੋਂ ਸਾਰਾ ਸਾਮਾਨ ਆਪਣੇ ਕਬਜ਼ੇ 'ਚ ਲੈ ਲਿਆ। ਇਸ ਦੌਰਾਨ ਪੁਲਸ ਨੇ ਇਨ੍ਹਾਂ ਸੱਤ ਕਥਿਤ ਦੋਸ਼ੀਆਂ 'ਚੋਂ ਕੁਲਵਿੰਦਰ ਸਿੰਘ, ਰੁਪਿੰਦਰ ਕੌਰ, ਕੁਲਵਿੰਦਰ ਕੌਰ ਤੇ ਕਰਮ ਸਿੰਘ ਨੂੰ ਬੱਸ ਚੜ੍ਹਨ ਦੀ ਤਿਆਰੀ ਕਰਦੇ ਹੋਏ ਸਮਾਧੀ ਰੋਡ ਦੇ ਕੋਲੋਂ ਗ੍ਰਿਫ਼ਤਾਰ ਕਰ ਲਿਆ, ਜਦਕਿ 3 ਕਥਿਤ ਦੋਸ਼ੀ ਹਾਲੇ ਫ਼ਰਾਰ ਹਨ, ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
