ਝਪਟਮਾਰ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ, 2 ਫਰਾਰ
Saturday, Feb 17, 2018 - 04:29 AM (IST)
ਬਠਿੰਡਾ(ਸੁਖਵਿੰਦਰ)-ਪੁਲਸ ਨੇ ਝਪਟਮਾਰ ਦੇ ਦੋ ਵੱਖ-ਵੱਖ ਮਾਮਲਿਆਂ 'ਚ 4 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਕੇ 2 ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 2 ਵਿਅਕਤੀ ਪੁਲਸ ਦੇ ਹੱਥ ਨਹੀਂ ਲੱਗ ਸਕੇ। ਜਾਣਕਾਰੀ ਅਨੁਸਾਰ ਰਘੂਵੀਰ ਸਿੰਘ ਵਾਸੀ ਬਠਿੰਡਾ ਨੇ ਕੋਤਵਾਲੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸੰਤਪੁਰਾ ਰੋਡ 'ਤੇ ਪੈਦਲ ਜਾ ਰਿਹਾ ਸੀ। ਇਸ ਦੌਰਾਨ 2 ਮੋਟਰਸਾਈਕਲ ਸਵਾਰ ਪਿੱਛਿਓਂ ਆਏ ਅਤੇ ਉਸ ਦਾ ਮੋਬਾਇਲ ਝਪਟ ਕੇ ਫਰਾਰ ਹੋ ਗਏ। ਉਸ ਵੱਲੋਂ ਰੌਲਾ ਪਾਉਣ 'ਤੇ ਲੋਕਾਂ ਨੇ ਉਕਤ ਵਿਅਕਤੀਆਂ ਨੂੰ ਕਾਬੂ ਕਰ ਲਿਆ। ਝਪਟਮਾਰ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਆਕਾਸ਼ ਸਿੰਘ ਅਤੇ ਵਿਜੇ ਵਾਸੀ ਬਠਿੰਡਾ ਵਜੋਂ ਹੋਈ। ਉਧਰ ਸਿਟੀ ਰਾਮਪੁਰਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ੀਲਾ ਰਾਣੀ ਵਾਸੀ ਰਾਮਪੁਰਾ ਮੰਡੀ ਨੇ ਦੱਸਿਆ ਕਿ ਉਹ ਘਰ 'ਚ ਆਪਣਾ ਕੰਮ ਕਰ ਰਹੀ ਸੀ। ਇਸ ਦੌਰਾਨ 2 ਅਣਪਛਾਤੇ ਵਿਅਕਤੀ ਉਸ ਦੇ ਘਰ ਆਏ ਅਤੇ ਉਸ ਦੇ ਗਲ 'ਚ ਪਾਈ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਪੁਲਸ ਨੇ ਉਕਤ ਸਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
