ਨਸ਼ੇ ਦੀ ਓਵਰਡੋਜ਼ ਕਾਰਨ ਮਰੇ ਦੋਸਤ ਨੂੰ ਵੇਈਂ ''ਚ ਸੁੱਟਣ ਵਾਲੇ 2 ਗ੍ਰਿਫਤਾਰ

09/24/2017 6:41:12 AM

ਨਕੋਦਰ(ਪਾਲੀ)-ਸਦਰ ਪੁਲਸ ਨੇ ਡੇਢ ਮਹੀਨੇ ਪਹਿਲਾਂ ਇਕ 25 ਸਾਲਾ ਨੌਜਵਾਨ ਦੇ ਲਾਪਤਾ ਹੋਣ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਦਾਅਵਾ ਕੀਤਾ ਕਿ ਉਸ ਦੀ ਮੌਤ ਨਸ਼ੇ ਦਾ ਟੀਕਾ ਲਾਉਣ ਨਾਲ ਹੋਈ ਸੀ ਤੇ ਫਿਰ ਉਸ ਦੇ ਦੋਸਤਾਂ ਨੇ ਲਾਸ਼ ਵੇਈਂ ਵਿਚ ਸੁੱਟੀ ਸੀ। ਇਸ ਮਾਮਲੇ ਸਬੰਧੀ ਸਦਰ ਪੁਲਸ ਨੇ ਤਿੰਨ ਖਿਲਾਫ ਮਾਮਲਾ ਦਰਜ ਕਰ ਕੇ 2 ਨੌਜਵਾਨਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਨਕੋਦਰ ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਸੰਤੋਖ ਸਿੰਘ ਪੁੱਤਰ ਚਰਨ ਸਿੰਘ ਵਾਸੀ ਢੱਡਾ ਹਰੀਪੁਰ ਨਕੋਦਰ ਨੇ ਬੀਤੀ 12 ਅਗਸਤ 2017 ਨੂੰ ਆ ਕੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਲੜਕਾ ਹਰਪ੍ਰੀਤ ਸਿੰਘ ਉਰਫ ਲਾਲਾ (25) ਜੋ ਬੀਤੀ 6 ਅਗਸਤ 2017 ਨੂੰ ਘਰੋਂ ਕੰਮ 'ਤੇ ਗਿਆ ਸੀ, ਵਾਪਸ ਨਹੀਂ ਆਇਆ। 
ਸ਼ਿਕਾਇਤ ਦੇ ਆਧਾਰ 'ਤੇ ਹਰਪ੍ਰੀਤ ਸਿੰਘ ਉਰਫ ਲਾਲਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਨੌਜਵਾਨ ਦੀ ਭਾਲ ਸਬੰਧੀ ਸਦਰ ਥਾਣਾ ਮੁਖੀ ਪਰਮਜੀਤ ਸਿੰਘ ਨੇ ਜਾਂਚ ਕੀਤੀ ਤੇ ਮੋਬਾਇਲ ਫੋਨ ਦੀ ਡਿਟੇਲ ਕਢਵਾਉਣ ਤੋਂ  ਬਾਅਦ ਕਮਲਜੀਤ ਸਿੰਘ ਉਰਫ ਕਮਲ ਅਤੇ ਹਰਜਿੰਦਰ ਸਿੰਘ ਵਾਸੀ ਖਾਨਪੁਰ ਢੱਡਾ ਨਕੋਦਰ ਨੂੰ ਗ੍ਰਿਫਤਾਰ ਕੀਤਾ ਅਤੇ ਦੋਵਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ। 
ਲਾਲਾ ਦੇ ਇਨ੍ਹਾਂ ਦੋਸਤਾਂ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਖੁਲਾਸਾ ਕੀਤਾ ਕਿ ਬੀਤੀ  6 ਅਗਸਤ ਨੂੰ ਉਹ ਸੰਤੋਖ ਸਿੰਘ ਉਰਫ ਸੁੱਖਾ ਪੁੱਤਰ ਬਲਕਾਰ ਸਿੰਘ ਵਾਸੀ ਲਾਟੀਆਂਵਾਲ ਦੇ ਘਰ ਚਿੱਟੇ ਦਾ ਨਸ਼ਾ ਕਰਨ ਗਏ ਸੀ ਅਤੇ ਹਰਪ੍ਰੀਤ ਸਿੰਘ ਉਰਫ ਲਾਲਾ ਦੇ ਉਨ੍ਹਾਂ ਨੇ ਚਿੱਟੇ ਦਾ ਟੀਕਾ ਲਾਇਆ ਸੀ, ਜੋ ਓਵਰਡੋਜ਼ ਹੋਣ ਕਾਰਨ ਹਰਪ੍ਰੀਤ ਸਿੰਘ ਉਰਫ ਲਾਲਾ ਦੀ ਸਿਹਤ ਖਰਾਬ ਹੋ ਗਈ। ਉਹ ਹਰਪ੍ਰੀਤ ਨੂੰ ਸਕੂਟਰੀ 'ਤੇ ਲੈ ਕੇ ਆ ਰਹੇ ਸੀ ਤਾਂ ਪਿੰਡ ਖਾਨਪੁਰ ਢੱਡਾ ਨੇੜੇ ਉਸ ਦੀ ਮੌਤ ਹੋ ਗਈ ਸੀ। ਮੁਲਜ਼ਮਾਂ ਨੇ ਲਾਸ਼ ਪਿੰਡ ਢੱਡਾ ਲਹਿਣਾ ਤੋਂ ਮਲਸੀਆਂ ਨੂੰ ਜਾਂਦੇ ਕੱਚੇ ਰਸਤੇ 'ਤੇ ਵੇਈਂ ਵਿਚ ਸੁੱਟ ਦਿੱਤੀ। ਡੀ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੰਤੋਖ ਸਿੰਘ ਦੇ ਬਿਆਨਾਂ 'ਤੇ ਕਮਲਜੀਤ ਸਿੰਘ ਉਰਫ ਕਮਲ ਅਤੇ ਹਰਜਿੰਦਰ ਸਿੰਘ ਵਾਸੀ ਖਾਨਪੁਰ ਢੱਡਾ ਨਕੋਦਰ ਅਤੇ ਸੰਤੋਖ ਸਿੰਘ ਉਰਫ ਸੁੱਖਾ ਪੁੱਤਰ ਬਲਕਾਰ ਸਿੰਘ ਵਾਸੀ ਲਾਟੀਆਂਵਾਲ ਖਿਲਾਫ ਮਾਮਲਾ ਦਰਜ ਕਰ ਕੇ ਕਮਲਜੀਤ ਸਿੰਘ ਉਰਫ ਕਮਲ ਅਤੇ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਤੀਸਰੇ ਦੀ ਭਾਲ ਜਾਰੀ ਹੈ।
ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਮੁਲਜ਼ਮ ਹੀ ਕਰਦੇ ਰਹੇ ਲਾਲੇ ਦੀ ਭਾਲ  
ਸਦਰ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਇੰਨੇ ਸ਼ਾਤਰ ਸੀ ਕਿ ਲਾਸ਼ ਵੇਂਈ ਵਿਚ ਸੁੱਟਣ ਦੇ ਬਾਅਦ ਪਰਿਵਾਰ ਨਾਲ ਝੂਠੀ ਹਮਦਰਦੀ ਕਰਦੇ ਰਹੇ ਅਤੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਉਨ੍ਹਾਂ ਨਾਲ ਹਰਪ੍ਰੀਤ ਸਿੰਘ ਉਰਫ ਲਾਲਾ ਦੀ ਭਾਲ ਕਰਦੇ ਰਹੇ ਤਾਂ ਜੋ ਉਨ੍ਹਾਂ ਉਪਰ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਥਾਣਾ ਮੁਖੀ ਨੇ ਦੱਸਿਆ ਕਿ ਘਟਨਾ ਵਿਚ ਵਰਤੀ ਗਈ ਸਕੂਟਰੀ ਵੀ ਪੁਲਸ ਵੱਲੋਂ ਕਬਜ਼ੇ ਵਿਚ ਲੈ ਲਈ ਗਈ ਹੈ।


Related News