40 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਹੋਮਗਾਰਡ ਦਾ ਜ਼ਿਲਾ ਕਮਾਂਡੈਂਟ ਗ੍ਰਿਫਤਾਰ
Friday, Sep 08, 2017 - 02:48 AM (IST)
ਬਠਿੰਡਾ(ਬਲਵਿੰਦਰ)-ਵਿਜੀਲੈਂਸ ਬਿਊਰੋ ਦੀ ਟੀਮ ਨੇ ਪੰਜਾਬ ਹੋਮਗਾਰਡ ਦੇ ਜ਼ਿਲਾ ਕਮਾਂਡੈਂਟ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਮੁਲਜ਼ਮ ਖਿਲਾਫ ਥਾਣਾ ਵਿਜੀਲੈਂਸ ਬਿਊਰੋ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਹੋਮਗਾਰਡ ਦੇ ਜਵਾਨ ਪ੍ਰਿਤਪਾਲ ਸਿੰਘ ਵਾਸੀ ਬਠਿੰਡਾ 'ਤੇ 2008 'ਚ ਇਕ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਥਾਣਾ ਖੂਹੀਆਂ ਸਰਵਰ (ਫਿਰੋਜ਼ਪੁਰ) 'ਚ ਦਰਜ ਹੋਇਆ ਸੀ। ਇਸ ਮਾਮਲੇ ਤੋਂ ਬਾਅਦ ਉਕਤ ਜਵਾਨ ਨੂੰ ਹੋਮ ਗਾਰਡਸ ਵਿਚੋਂ ਕਾਲ ਆਊਟ ਕਰ ਦਿੱਤਾ ਗਿਆ ਸੀ। ਉਕਤ ਮਾਮਲੇ ਵਿਚ ਉਸ ਨੂੰ ਅਦਾਲਤ ਤੋਂ ਸਜ਼ਾ ਹੋ ਗਈ। ਬਾਅਦ ਵਿਚ ਸਰਕਾਰ ਦੀਆਂ ਹਦਾਇਤਾਂ 'ਤੇ ਪ੍ਰਿਤਪਾਲ ਸਿੰਘ ਦੀ ਸਜ਼ਾ 3 ਸਾਲ ਤੋਂ ਘੱਟ ਹੋਣ ਕਾਰਨ ਉਸ ਨੂੰ 2013 ਵਿਚ ਦੁਬਾਰਾ ਨੌਕਰੀ 'ਤੇ ਜੁਆਇਨ ਕਰਵਾ ਦਿੱਤਾ ਗਿਆ। ਪਿਛਲੇ ਕੁਝ ਸਮੇਂ ਤੋਂ ਹੋਮਗਾਰਡ ਦਾ ਜ਼ਿਲਾ ਕਮਾਂਡੈਂਟ ਕੇਵਲ ਕ੍ਰਿਸ਼ਨ ਉਸ ਨੂੰ ਨੌਕਰੀ 'ਤੇ ਵਾਪਸ ਲੈਣ ਤੋਂ ਟਾਲ-ਮਟੋਲ ਕਰ ਰਿਹਾ ਸੀ। ਹੁਣ ਉਸ ਨੇ ਪ੍ਰਿਤਪਾਲ ਸਿੰਘ ਨੂੰ ਨੌਕਰੀ 'ਤੇ ਦੁਬਾਰਾ ਜੁਆਇਨ ਕਰਵਾਉਣ ਲਈ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਪ੍ਰਿਤਪਾਲ ਸਿੰਘ ਨੇ 40 ਹਜ਼ਾਰ ਰੁਪਏ ਪਹਿਲਾਂ ਤੇ 10 ਹਜ਼ਾਰ ਰੁਪਏ ਬਾਅਦ 'ਚ ਦੇਣ ਦੀ ਗੱਲ ਕਹੀ। ਇਸ ਦੌਰਾਨ ਉਸ ਨੇ ਵਿਜੀਲੈਂਸ ਬਿਊਰੋ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਇਸ 'ਤੇ ਵਿਜੀਲੈਂਸ ਬਿਊਰੋ ਦੇ ਡੀ. ਐੱਸ. ਪੀ. ਮਨਜੀਤ ਸਿੰਘ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ 'ਚ ਹੋਮ ਗਾਰਡਸ ਦੇ ਜ਼ਿਲਾ ਕਮਾਂਡੈਂਟ ਕੇਵਲ ਕ੍ਰਿਸ਼ਨ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਡੀ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
