ਪੰਜਾਬ ਪੁਲਸ ਵੱਲੋਂ ਡੇਰਾ ਸਮਰਥਕਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਤਿੰਨ ਦਰਜਨ ਡੇਰਾ ਸਮਰਥਕ ਹਿਰਾਸਤ ''ਚ

08/31/2017 2:46:17 AM

ਮਾਨਸਾ(ਜੱਸਲ)-ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਹਾਲਾਤ ਸੁਖਾਵੇਂ ਹੋਣ, ਜ਼ਿਲਾ ਪ੍ਰਸ਼ਾਸਨ ਵੱਲੋਂ ਕਰਫਿਊ ਹਟਾਉਣ ਤੇ ਮਿਲਟਰੀ ਨੂੰ ਵਾਪਸ ਭੇਜਣ 'ਤੇ ਮਾਨਸਾ ਜ਼ਿਲੇ ਦੇ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ ਜਦਕਿ ਪੰਜਾਬ ਪੁਲਸ ਨਾਲ ਰੈਪਿਡ ਐਕਸ਼ਨ ਫੋਰਸ ਹਾਲੇ ਵੀ ਤਾਇਨਾਤ ਹੈ। ਦੂਜੇ ਪਾਸੇ ਭੰਨਤੋੜ ਅਤੇ ਸਾੜਫੂਕ ਦੀਆਂ ਘਟਨਾਵਾਂ ਦੇ ਮਾਮਲੇ 'ਚ ਪੰਜਾਬ ਪੁਲਸ ਦੀਆਂ ਪਾਰਟੀਆਂ ਵੱਲੋਂ ਲੋੜੀਂਦੇ ਡੇਰਾ ਸਮਰਥਕਾਂ ਨੂੰ ਗ੍ਰਿਫਤਾਰ ਕਰਨ ਲਈ ਡੇਰਾ ਪ੍ਰੇਮੀਆਂ ਦੇ ਠਿਕਾਣਿਆਂ 'ਤੇ ਛਾਪੇਮਾਰੀਆਂ ਜਾਰੀ ਹਨ। ਅਣ-ਅਧਿਕਾਰਤ ਜਾਣਕਾਰੀ ਅਨੁਸਾਰ ਹੁਣ ਤੱਕ ਤਿੰਨ ਦਰਜਨ ਦੇ ਕਰੀਬ ਡੇਰਾ ਸਮਰਥਕਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਜ਼ਿਲੇ ਭਰ 'ਚ ਲੋਕਾਂ ਨੇ ਚੁੱਪ ਸਾਧੀ ਹੋਈ ਹੈ। ਕੋਈ ਵੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ। ਜਦੋਂ ਕਿ ਹਿਰਾਸਤ 'ਚ ਲਏ ਗਏ ਕਿਸੇ ਵੀ ਵਿਅਕਤੀ ਬਾਰੇ ਕਿਸੇ ਵੀ ਪੁਲਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ।
ਡੇਰੇ ਅੱਗੇ ਪੁਲਸ ਤਾਇਨਾਤ
ਡੇਰਾ ਸੱਚਾ ਸੌਦਾ ਮਾਮਲੇ ਨੂੰ ਲੈ ਕੇ ਮਾਨਸਾ ਸਥਿਤ ਡੇਰਾ ਸੱਚਾ ਸੌਦਾ ਅੱਗੇ ਤਾਇਨਾਤ ਪੁਲਸ ਕਰਮਚਾਰੀਆਂ ਦੀ ਡਿਊਟੀ ਵਿਚ ਕਟੌਤੀ ਕਰ ਦਿੱਤੀ ਗਈ ਹੈ, ਜਿਸ ਤਹਿਤ ਹੁਣ ਕੁੱਝ ਹੀ ਪੁਲਸ ਕਰਮਚਾਰੀ ਡੇਰੇ ਦੀ ਸੁਰੱਖਿਆ ਲਈ ਤਾਇਨਾਤ ਹਨ।
ਜ਼ਿਲਾ ਪ੍ਰਸ਼ਾਸਨ ਸਾਰੇ ਨੁਕਸਾਨ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ
ਡੇਰਾ ਮੁਖੀ ਨੂੰ ਦੋਸ਼ੀ ਠਹਿਰਾਉਣ ਵੇਲੇ ਮਾਨਸਾ ਜ਼ਿਲੇ ਦੇ ਹਾਲਾਤ ਗੰਭੀਰ ਹੋਣ 'ਤੇ ਸਾੜਫੂਕ ਅਤੇ ਭੰਨਤੋੜ ਦੀਆਂ ਘਟਨਾਵਾਂ ਤੇ ਕਾਰੋਬਾਰ 'ਚ ਖੜੋਤ ਆਉਣ ਨਾਲ ਜ਼ਿਲੇ ਭਰ 'ਚ ਕਰੀਬ 20 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਜਦਕਿ ਜ਼ਿਲਾ ਪ੍ਰਸ਼ਾਸਨ ਨੇ ਸਾੜਫੂਕ ਅਤੇ ਭੰਨਤੋੜ ਦੀਆਂ ਘਟਨਾਵਾਂ ਦੇ ਹੁਣ ਤੱਕ ਇਕੱਤਰ ਹੋਏ ਵੇਰਵਿਆਂ ਅਨੁਸਾਰ 20 ਲੱਖ ਰੁਪਏ ਦੇ ਨੁਕਸਾਨ ਹੋਣ ਦੀ ਪੰਜਾਬ ਸਰਕਾਰ ਨੂੰ ਰਿਪੋਰਟ ਭੇਜੀ ਹੈ ਅਤੇ ਹਾਲੇ ਹੋਰ ਹੋਏ ਨੁਕਸਾਨ ਦੀ ਜਾਂਚ ਜਾਰੀ ਹੈ। 
ਛੋਟੇ-ਵੱਡੇ ਕਾਰੋਬਾਰੀਆਂ ਦਾ ਵੀ ਕਰੋੜਾਂ ਰੁਪਏ ਦਾ ਨੁਕਸਾਨ 
ਸ਼ਹਿਰ 'ਚ ਹਰ ਛੋਟੇ-ਵੱਡੇ ਕਾਰੋਬਾਰੀਆਂ ਦਾ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਉਨ੍ਹਾਂ ਦਾ ਕਾਰੋਬਾਰ ਪਹਿਲਾਂ ਹੀ ਘਾਟੇ ਦਾ ਸ਼ਿਕਾਰ ਸੀ। ਹਾਲੇ ਤੱਕ ਖੁੱਲ੍ਹ ਕੇ ਕਾਰੋਬਾਰ ਨਹੀਂ ਚੱਲਿਆ। ਉਹ ਵੀ ਨਿਰਾਸ਼ਾ ਦੇ ਆਲਮ 'ਚ ਸਨ ਕਿਉਂਕਿ ਹਾਲੇ ਤੱਕ ਸ਼ਹਿਰੀ ਖਪਤਕਾਰਾਂ ਦੇ ਮੁਕਾਬਲੇ ਪੇਂਡੂ ਖਪਤਕਾਰਾਂ ਦੀ ਗਿਣਤੀ ਘੱਟ ਗਈ ਹੈ। 
ਬੱਸਾਂ ਬੰਦ ਹੋਣ ਨਾਲ ਲੱਖਾਂ ਰੁਪਏ ਦਾ ਨੁਕਸਾਨ 
ਕਰਫਿਊ ਲੱਗÎਣ ਕਾਰਨ ਬੱਸ ਸਟੈਂਡ ਮਾਨਸਾ ਦੀ ਆਮਦਨ 'ਤੇ 2 ਕਰੋੜ ਰੁਪਏ ਤੋਂ ਉੱਪਰ ਨੁਕਸਾਨ ਹੋਇਆ ਹੈ। ਇਸ ਦੇ ਨਾਲ ਬੱਸਾਂ ਖੜ੍ਹਨ ਤੇ ਬੱਸ ਆਪ੍ਰੇਟਰਾਂ ਦੀ ਰੋਜ਼ਾਨਾ ਆਮਦਨ ਰੁਕੀ ਤੇ ਟੈਕਸ ਹੋਰ ਖਰਚਿਆਂ ਸਮੇਤ ਇਕ ਕਰੋੜ ਰੁਪਏ ਦਾ ਘਾਟਾ ਪਿਆ ਹੈ। 


Related News