ਲੁੱਟ-ਖਸੁੱਟ ਕਰਨ ਵਾਲੇ ਤਾਂਤਰਿਕ ਬਾਬਿਆਂ ਦਾ ਪਰਦਾਫਾਸ਼

07/22/2017 3:47:08 AM

ਗਿਰੋਹ ਦਾ ਮੈਂਬਰ ਸ਼ਾਕਿਰ ਕਾਬੂ, 4 ਲੱਖ ਰੁਪਏ ਬਰਾਮਦ
ਮਾਨਸਾ(ਸੰਦੀਪ ਮਿੱਤਲ)- ਵਹਿਮਾਂ-ਭਰਮਾਂ 'ਚ ਪਾ ਕੇ ਭੋਲੇ-ਭਾਲੇ ਲੋਕਾਂ ਦੀ ਲੁੱਟ-ਖਸੁੱਟ ਕਰ ਕੇ ਮੋਟੀਆਂ ਰਕਮਾਂ ਵਸੂਲਣ ਵਾਲੇ ਤਾਂਤਰਿਕ ਬਾਬਿਆਂ ਦੇ ਇਕ ਗਿਰੋਹ ਦੇ ਮੈਂਬਰ ਨੂੰ ਸੀ. ਆਈ. ਏ. ਸਟਾਫ ਮਾਨਸਾ ਦੇ ਇੰਚਾਰਜ ਜਗਦੀਸ਼ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਕਾਬੂ ਕਰ ਕੇ ਉਨ੍ਹਾਂ ਵੱਲੋਂ ਕੀਤੀ ਲੁੱਟ-ਖਸੁੱਟ ਦਾ ਪਰਦਾਫਾਸ਼ ਕੀਤਾ ਹੈ। ਅੱਜ ਮਾਨਸਾ ਜ਼ਿਲੇ ਦੀ ਪੁਲਸ ਨੇ ਦੋਸ਼ੀ ਤਾਂਤਰਿਕ ਸ਼ਾਕਿਰ ਮਲਿਕ ਨੂੰ ਕਾਬੂ ਕਰ ਕੇ ਉਸ ਪਾਸੋਂ ਕੀਤੀ ਲੁੱਟ-ਖਸੁੱਟ ਦੇ 4 ਲੱਖ ਰੁਪਏ ਬਰਾਮਦ ਕੀਤੇ ਹਨ। ਜ਼ਿਲਾ ਪੁਲਸ ਮੁਖੀ ਪਰਮਬੀਰ ਸਿੰਘ ਪਰਮਾਰ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ 'ਚ ਤਾਂਤਰਿਕ ਬਾਬਿਆਂ ਨੇ ਇਕ ਗਿਰੋਹ ਬਣਾ ਕੇ ਆਪਣੇ ਦਫਤਰ ਖੋਲ੍ਹੇ ਹਨ, ਜਿਨ੍ਹਾਂ 'ਚੋਂ ਦੋਸ਼ੀ ਸ਼ਾਕਿਰ ਮਲਿਕ ਨੇ ਆਪਣਾ ਦਫਤਰ ਦਸੂਹਾ, ਜ਼ਿਲਾ ਹੁਸ਼ਿਆਰਪੁਰ ਅਤੇ ਦੋਸ਼ੀ ਨਇਮ ਮਲਿਕ ਨੇ ਆਪਣਾ ਦਫਤਰ ਬਠਿੰਡਾ ਵਿਖੇ ਖੋਲ੍ਹਿਆ ਹੋਇਆ ਹੈ। ਇਹ ਟੀ. ਵੀ. ਅਤੇ ਇਸ਼ਤਿਹਾਰਾਂ ਰਾਹੀ ਮਸ਼ਹੂਰੀ ਦਿੰਦੇ ਹਨ ਕਿ ਓਪਰੀ ਸ਼ੈਅ, ਬੇ-ਔਲਾਦ, ਘਰ 'ਚ ਕਲੇਸ਼ ਆਦਿ ਦੂਰ ਕਰਨ ਦਾ ਉਪਾਅ ਇੱਥੇ ਕੀਤਾ ਜਾਂਦਾ ਹੈ। ਇਸ 'ਤੇ ਭੋਲੇ ਭਾਲੇ ਤੇ ਅਨਪੜ੍ਹ ਲੋਕ ਇਨ੍ਹਾਂ ਦੇ ਝਾਂਸੇ ਵਿਚ ਆ ਕੇ ਇਸ਼ਤਿਹਾਰਾਂ 'ਤੇ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰਦੇ ਹਨ, ਜਿਨ੍ਹਾਂ ਨੂੰ ਇਹ ਆਪਣੇ ਜਾਲ ਵਿਚ ਫਸਾ ਕੇ ਘਰ 'ਚੋਂ ਖਜ਼ਾਨਾ ਕੱਢਣ ਦਾ ਝਾਂਸਾ ਦੇ ਕੇ ਵੱਖ-ਵੱਖ ਧਾਰਮਿਕ ਥਾਵਾਂ 'ਤੇ ਸੱਦ ਕੇ ਪੂਜਾ ਪਾਠ ਦੇ ਬਹਾਨੇ ਮੋਟੀ ਰਕਮ ਵਸੂਲ ਕਰਦੇ ਹਨ ਅਤੇ ਡਰਾਵਾ ਦਿੰਦੇ ਹਨ ਕਿ ਤੁਹਾਡੇ ਘਰ ਓਪਰੀ ਸ਼ੈਅ ਹੈ ਤੇ ਕੋਈ ਜਾਨੀ ਨੁਕਸਾਨ ਹੋਣ ਦਾ ਖਤਰਾ ਹੈ, ਜਿਸ 'ਤੇ ਇਹ ਭੋਲੇ-ਭਾਲੇ ਲੋਕ ਇਨ੍ਹਾਂ ਦੇ ਝਾਂਸੇ ਵਿਚ ਆ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਵਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜੋਗਾ ਨਾਲ ਇਨ੍ਹਾਂ ਤਾਂਤਰਿਕ ਬਾਬਿਆਂ ਵੱਲੋਂ ਕਰੀਬ 22 ਲੱਖ ਰੁਪਏ ਦੀ ਠੱਗੀ ਦਾ ਥਾਣਾ ਜੋਗਾ ਵਿਖੇ ਨਾਮਲੂਮ ਵਿਅਕਤੀਆਂ ਖਿਲਾਫ 22 ਮਾਰਚ 2016 ਨੂੰ ਅ/ਧ 420,508,120-ਬੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਲਈ ਸੀ. ਆਈ. ਏ. ਸਟਾਫ ਮਾਨਸਾ ਦੇ ਇੰਚਾਰਜ ਜਗਦੀਸ਼ ਸ਼ਰਮਾ ਦੀ ਅਗਵਾਈ ਹੇਠ ਪੁਲਸ ਦੀ ਇਕ ਟੀਮ ਗਠਿਤ ਕੀਤੀ ਗਈ ਸੀ। 
ਸੀ. ਆਈ. ਏ. ਸਟਾਫ ਮਾਨਸਾ ਦੀ ਇਸ ਟੀਮ ਵੱਲੋਂ ਅੱਜ ਗਸ਼ਤ ਦੌਰਾਨ ਹੰਡਿਆਇਆ ਚੌਕ ਬਰਨਾਲਾ ਤੋਂ ਦੋਸ਼ੀ ਸ਼ਾਕਿਰ ਮਲਿਕ ਪੁੱਤਰ ਯਾਸ਼ੀਨ ਮਲਿਕ ਵਾਸੀ ਮੁਹੱਲਾ ਕੁਦਵਈ ਨਗਰ, ਮੁਜ਼ੱਫਰਪੁਰ (ਯੂ. ਪੀ.) ਨੂੰ ਗ੍ਰਿਫਤਾਰ ਕਰ ਕੇ ਠੱਗੀ ਹੋਈ 4 ਲੱਖ ਰੁਪਏ ਦੀ ਰਾਸ਼ੀ ਬਰਾਮਦ ਕਰ ਲਈ ਹੈ, ਜਿਸ ਦੇ ਦੂਜੇ ਸਾਥੀ ਨਇਮ ਮਲਿਕ ਦੀ ਭਾਲ ਜਾਰੀ ਹੈ। ਪੁਲਸ ਵੱਲੋਂ ਦੋਸ਼ੀ ਸ਼ਾਕਿਰ ਮਲਿਕ ਨੂੰ ਅਦਾਲਤ 'ਚ ਪੇਸ਼ ਕਰ ਕੇ ਭਲਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਸ ਪਾਸੋਂ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Related News