ਰੇਲਵੇ ਲਾਈਨ ਤੋਂ ਫਿਸ਼ ਪਲੇਟ ਕੱਢਦੇ 2 ਸ਼ੱਕੀ ਕਾਬੂ

06/30/2017 4:00:42 AM

ਲੁਧਿਆਣਾ(ਸਹਿਗਲ)-ਲੁਧਿਆਣਾ-ਲਾਡੋਵਾਲ ਰੇਲ ਸੈਕਸ਼ਨ ਉਤੇ 2 ਨੌਜਵਾਨਾਂ ਨੂੰ ਰੇਲ ਲਾਈਨਾਂ ਤੋਂ ਫਿਸ਼ ਪਲੇਟ ਕੱਢਦੇ ਹੋਏ ਰੇਲ ਕਰਮਚਾਰੀਆਂ ਨੇ ਫੜਿਆ ਹੈ । ਇਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ । ਇਹ ਘਟਨਾ ਰਾਤ 8 ਵਜੇ ਦੀ ਹੈ । ਲਾਡੋਵਾਲ ਸਟੇਸ਼ਨ ਦੇ ਸੁਪਰਡੈਂਟ ਰਾਮ ਕੁਮਾਰ ਵਰਮਾ ਨੇ ਦੱਸਿਆ ਕਿ ਇਹ ਘਟਨਾ ਸਟੇਸ਼ਨ ਤੋਂ 300 ਮੀਟਰ ਦੂਰ ਰੇਲਵੇ ਪੁਲ ਦੇ ਹੇਠਾਂ ਹੋਈ ਹੈ । ਮੌਕੇ ਉਤੇ ਸ਼ੱਕੀ ਹਾਲਾਤ ਵਿਚ ਫਿਸ਼ ਪਲੇਟਾਂ ਕੱਢਦੇ ਨੌਜਵਾਨਾਂ ਨੂੰ ਕਰਮਚਾਰੀਆਂ ਵੱਲੋਂ ਫੜਿਆ ਗਿਆ ਹੈ । ਉਥੇ ਹੀ ਸਾਵਧਾਨੀ ਦੇ ਤੌਰ ਉਤੇ ਉਨ੍ਹਾਂ ਨੇ ਅਲਰਟ ਜਾਰੀ ਕਰ ਦਿੱਤਾ ਹੈ । ਲਾਈਨਾਂ ਦਾ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ ।ਲਾਡੋਵਾਲ ਸਟੇਸ਼ਨ ਤੋਂ ਸੁਨੇਹਾ ਮਿਲਦੇ ਹੀ ਲੁਧਿਆਣਾ-ਅੰਮ੍ਰਿਤਸਰ ਜਾਣ ਵਾਲੀ ਗੱਡੀ ਨੰ. 12715 ਸੱਚਖੰਡ ਐਕਸਪ੍ਰੈੱਸ, 12013 ਸ਼ਤਾਬਦੀ ਐਕਸਪ੍ਰੈੱਸ ਅਤੇ ਜੈਨਗਰ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਨੂੰ ਲੁਧਿਆਣਾ ਸਟੇਸ਼ਨ ਉੱਤੇ ਰੋਕ ਦਿੱਤਾ ਗਿਆ, ਜਦੋਂ ਕਿ ਅੰਮ੍ਰਿਤਸਰ ਤੋਂ ਹਾਵੜਾ ਜਾ ਰਹੀ ਹਾਵੜਾ ਮੇਲ ਤੋਂ ਇਲਾਵਾ ਪੈਟਰੋਲ ਦੇ ਟੈਂਕਰ ਲੈ ਕੇ ਜਾ ਰਹੀ ਮਾਲ-ਗੱਡੀ ਨੂੰ ਫਿਲੌਰ ਸਟੇਸ਼ਨ ਉੱਤੇ ਰੋਕ ਦਿੱਤਾ ਗਿਆ। ਦੋਵਾਂ ਸ਼ੱਕੀ ਨੌਜਵਾਨ ਵੇਖਣ ਵਿਚ ਨਸ਼ੇੜੀ ਲੱਗ ਰਹੇ ਸਨ, ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕਰ ਕੇ ਇਹ ਪਤਾ ਲਾਇਆ ਜਾਵੇਗਾ ਕਿ ਉਹ ਨਸ਼ੇ ਦੀ ਪੂਰਤੀ ਲਈ ਫਿਸ਼ ਪਲੇਟਾਂ ਕੱਢ ਰਹੇ ਸਨ ਜਾਂ ਕਿਸੇ ਅੱਤਵਾਦੀ ਘਟਨਾ ਨੂੰ ਕਿਸੇ ਸ਼ਹਿ ਅਤੇ ਲਾਲਚ ਵਿਚ ਅੰਜਾਮ ਦੇਣ ਇਥੇ ਆਏ ਸਨ । ਫਿਸ਼ ਪਲੇਟ ਲਾਈਨਾਂ ਦੇ ਜੋੜ ਵਿਚ ਲਾਈ ਜਾਂਦੀ ਹੈ, ਜਿਸ ਉੱਤੇ ਰੇਲ ਲਾਈਨ ਟਿਕੀ ਹੁੰਦੀ ਹੈ। ਸ਼ੱਕੀ ਦੋਸ਼ੀਆਂ ਤੋਂ ਆਰ.ਪੀ.ਐੱਫ. ਵੱਲੋਂ ਪੁੱਛਗਿੱਛ ਜਾਰੀ ਹੈ । ਇਸ ਘਟਨਾ ਦੇ ਮੱਦੇਨਜ਼ਰ ਸ਼ਤਾਬਦੀ ਅਤੇ ਹੋਰ ਗੱਡੀਆਂ 40 ਮਿੰਟ ਤੋਂ ਸਵਾ ਘੰਟੇ ਤੱਕ ਰੋਕੀਆਂ ਗਈਆਂ ।


Related News