ਜੇਲ ਬ੍ਰੇਕ ਕਾਂਡ : ਗ੍ਰਿਫਤਾਰ ਗੁਰਪ੍ਰੀਤ ਅਤੇ ਉਸ ਦੇ ਭਰਾ ਨੇ ਰਿਮਾਂਡ ਦੌਰਾਨ ਕੀਤੇ ਕਈ ਖੁਲਾਸੇ

02/10/2020 2:00:30 PM

ਅੰਮ੍ਰਿਤਸਰ (ਅਰੁਣ) : ਫਤਾਹਪੁਰ ਜੇਲ ਬ੍ਰੇਕ ਕਾਂਡ 'ਚ ਗ੍ਰਿਫਤਾਰ ਮੁਲਜ਼ਮ ਗੁਰਪ੍ਰੀਤ ਸਿੰਘ ਗੋਪੀ ਅਤੇ ਉਸ ਦੇ ਭਰਾ ਨੂੰ ਅਦਾਲਤ 'ਚ ਪੇਸ਼ ਕਰਨ ਮਗਰੋਂ 2 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ। ਰਿਮਾਂਡ ਦੌਰਾਨ ਇਨ੍ਹਾਂ ਮੁਲਜ਼ਮਾਂ ਵੱਲੋਂ ਕਈ ਅਹਿਮ ਖੁਲਾਸੇ ਕੀਤੇ ਗਏ। ਥਾਣਾ ਇਸਲਾਮਾਬਾਦ ਮੁਖੀ ਇੰਸਪੈਕਟਰ ਅਨਿਲ ਸ਼ਰਮਾ ਨੇ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮ ਭਰਾਵਾਂ ਨੇ ਮੰਨਿਆ ਕਿ ਜੇਲ ਬ੍ਰੇਕ ਕਾਂਡ ਮਗਰੋਂ ਉਹ ਵੱਖ-ਵੱਖ ਹੋ ਗਏ ਸਨ ਅਤੇ ਉਨ੍ਹਾਂ ਸੂਬੇ ਤੋਂ ਬਾਹਰ ਜਾਣ ਦੀ ਵਿਉਂਤਬੰਦੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਫਰਾਰ ਚੱਲ ਰਹੇ ਮੁਲਜ਼ਮ ਵਿਸ਼ਾਲ ਸ਼ਰਮਾ ਦੇ ਪੁਖਤਾ ਟਿਕਾਣਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੁਲਸ ਸੋਮਵਾਰ ਨੂੰ ਜੇਲ 'ਚ ਬੰਦ ਉਸ ਦੇ ਭਰਾ ਗੌਰਵ ਸ਼ਰਮਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਰਹੀ ਹੈ। ਇਸ ਤੋਂ ਇਲਾਵਾ ਪੁਲਸ ਉਸ ਦੇ ਕਰੀਬੀ ਰਿਸ਼ਤੇਦਾਰਾਂ ਦੇ ਘਰਾਂ ਤੋਂ ਇਲਾਵਾ ਕੁਝ ਸ਼ੱਕੀ ਟਿਕਾਣਿਆਂ ਨੂੰ ਵੀ ਬਾਰੀਕੀ ਨਾਲ ਖੰਗਾਲ ਰਹੀ ਹੈ।

ਵਿਸ਼ਾਲ ਨੇ 20-25 ਦਿਨਾਂ ਬਾਅਦ ਮਿਲਣ ਦਾ ਕੀਤਾ ਸੀ ਵਾਅਦਾ
ਪੁੱਛਗਿੱਛ ਦੌਰਾਨ ਜੇਲ ਬ੍ਰੇਕ ਕਾਂਡ ਦੇ ਗ੍ਰਿਫਤਾਰ ਦੋਵਾਂ ਮੁਲਜ਼ਮ ਭਰਾਵਾਂ ਮੰਨਿਆ ਕਿ ਜੇਲ ਤੋੜਨ ਮਗਰੋਂ ਵੱਖ ਹੋਏ ਉਨ੍ਹਾਂ ਦੇ ਤੀਸਰੇ ਸਾਥੀ ਵਿਸ਼ਾਲ ਸ਼ਰਮਾ ਨੇ ਉਨ੍ਹਾਂ ਨੂੰ 20-25 ਦਿਨਾਂ ਬਾਅਦ ਮਿਲਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੀ ਗ੍ਰਿਫਤਾਰੀ ਮਗਰੋਂ ਉਹ ਉਨ੍ਹਾਂ ਨਾਲ ਸੰਪਰਕ ਨਹੀਂ ਬਣਾ ਸਕਿਆ। ਪੁੱਛਗਿੱਛ ਦੌਰਾਨ ਉਨ੍ਹਾਂ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਦੂਸਰੇ ਸ਼ਹਿਰ 'ਚ ਜਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ।
 


Anuradha

Content Editor

Related News