ਅਸਲਾ ਧਾਰਕਾਂ ਲਈ ਆਏ ਨਵੇਂ ਨਿਯਮਾਂ ਨਾਲ ਲੋਕਾਂ ਦੀ ਨਿੱਜੀ ਸੁਰੱਖਿਆ ਖਤਰੇ ’ਚ
Tuesday, Nov 22, 2022 - 12:56 PM (IST)
ਕਿਸ਼ਨਪੁਰਾ ਕਲਾਂ (ਹੀਰੋ) : ਪਿਛਲੇ ਦਿਨੀਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਨਵੇਂ ਅਸਲਾ ਲਾਇਸੈਂਸ ਬਣਾਉਣ ਲਈ ਤਿੰਨ ਮਹੀਨੇ ਦੀ ਰੋਕ ਅਤੇ ਪੁਰਾਣੇ ਅਸਲਾ ਧਾਰਕਾਂ ਦੀ ਵੈਰੀਫਿਕੇਸ਼ਨ ਸਬੰਧੀ ਆਏ ਨਵੇਂ ਨਿਯਮਾਂ ਨਾਲ ਬਹੁਤ ਸਾਰੇ ਲੋਕਾਂ ਦੀ ਨਿੱਜੀ ਸੁਰੱਖਿਆ ਖਤਰੇ ਵਿਚ ਪੈ ਸਕਦੀ ਹੈ। ਪੰਜਾਬ ਵਿਚ ਅਮਨ ਕਾਨੂੰਨ ਦੀ ਮੌਜੂਦਾ ਵਿਵਸਥਾ ਦਿਨ-ਬ-ਦਿਨ ਬਦਤਰ ਹੋ ਰਹੀ ਹੈ ਆਏ ਦਿਨ ਹੋ ਰਹੀ ਕਤਲੋਗਾਰਤ ਨੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਪੰਜਾਬ ਪੁਲਸ ਲੋਕਾਂ ਦੀ ਸੁਰੱਖਿਆ ਕਰਨ ਵਿਚ ਫੇਲ ਸਾਬਤ ਹੋ ਰਹੀ ਹੈ।
ਪੰਜਾਬ ਦਾ ਮਹੌਲ ਕੁਝ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ ਕਿ ਜੇਕਰ ਤੁਸੀਂ ਆਪਣੀ ਸੁਰੱਖਿਆ ਚਾਹੁੰਦੇ ਹੋ ਤਾਂ ਪੁਲਸ ਤੋਂ ਉਮੀਦ ਨਾ ਰੱਖੋ ਬਲਕਿ ਆਪਣੀ ਸੁਰੱਖਿਆ ਲਈ ਖੁਦ ਲਾਇਸੈਂਸੀ ਹਥਿਆਰ ਰੱਖਣੇ ਪੈਣਗੇ। ਮੌਜੂਦਾ ਪੰਜਾਬ ਪੁਲਸ ਦੀ ਬੇਵਸੀ ਵੀ ਸਾਫ ਝਲਕ ਰਹੀ ਹੈ ਕਿਉਂਕਿ ਥਾਣਿਆਂ ’ਚ ਮੁਲਾਜ਼ਮ ਬਹੁਤ ਘੱਟ ਹਨ ਅਤੇ ਪੁਲਸ ਮੁਲਾਜ਼ਮਾਂ ਦਾ ਵੱਡਾ ਹਿੱਸਾ ਮੁੱਖ ਮੰਤਰੀ, ਉਸਦੇ ਪਰਿਵਾਰ, ਮੰਤਰੀ ਅਤੇ ਐੱਮ. ਐੱਲ. ਏ. ਦੀ ਸੁਰੱਖਿਆ ਵਿਚ ਤਾਇਨਾਤ ਹਨ। ਆਮ ਲੋਕਾਂ ’ਚ ਇਸ ਗੱਲ ਦਾ ਵੀ ਡਰ ਹੈ ਕਿ ਸਰਕਾਰ ਵਿਰੋਧੀ ਵਿਚਾਰਧਾਰਾ ਵਾਲੇ ਲੋਕਾਂ ਦੇ ਅਸਲਾ ਲਾਇਸੈਂਸ ਰੱਦ ਕਰ ਕੇ ਉਨ੍ਹਾਂ ਦੀ ਜਾਨ ਜ਼ੋਖਿਮ ਵਿਚ ਪਾ ਸਕਦੀ ਹੈ। ਪਿਛਲੇ ਦਿਨੀਂ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਘਟਾਉਣ ਦੇ ਮਾਮਲੇ ਨੂੰ ਲੀਕ ਹੋਣ ਨਾਲ ਪੰਜਾਬ ਪਹਿਲਾਂ ਹੀ ਬਹੁਤ ਵੱਡਾ ਘਾਟਾ ਖਾ ਚੁੱਕਾ ਹੈ, ਹੁਣ ਜੇਕਰ ਕਿਸੇ ਵਿਅਕਤੀ ਦਾ ਅਸਲਾ ਲਾਇਸੈਂਸ ਰੱਦ ਕੀਤਾ ਜਾਵੇਗਾ ਤਾਂ ਗੈਂਗਸਟਰਾਂ ਨੂੰ ਉਨ੍ਹਾਂ ਲੋਕਾਂ ਨੂੰ ਟਾਰਗੇਟ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ।
ਆਮ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਭਗਵੰਤ ਮਾਨ ਕਦੇ ਬਾਦਲਾਂ ਕੈਪਟਨਾਂ ਦੀ ਸਕਿਓਰਿਟੀ ਉਪਰ ਤੰਜ ਕੱਸਦੇ ਸਨ ਅੱਜ ਆਪਣੀ ਸੁਰੱਖਿਆ ’ਚ 800 ਤੋਂ ਵੱਧ ਮੁਲਾਜ਼ਮਾਂ ਨੂੰ ਲਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਰਹੇ ਹਨ, ਜੇਕਰ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਤੋਂ ਅਸਮਰੱਥ ਹੈ ਤਾਂ ਲੋਕਾਂ ਨੂੰ ਸੁਰੱਖਿਆ ਤੋਂ ਨਿਹੱਥੇ ਕਰਨ ਨਾਲੋਂ ਅਸਲਾ ਲਾਇਸੈਂਸ ਉਪਰ ਬਣੇ ਨਵੇਂ ਨਿਯਮਾਂ ਉਪਰ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ’ਚ ਜਿੰਨੀਆਂ ਵੀ ਵੱਡੀਆਂ ਵਾਰਦਾਤਾਂ ਹੋਈਆਂ ਹਨ, ਉਹ ਵਾਰਦਾਤਾਂ ਲਾਇਸੈਂਸੀ ਹਥਿਆਰਾਂ ਨਾਲ ਨਹੀਂ ਬਲਕਿ ਗੈਰਕਾਨੂੰਨੀ ਹਥਿਆਰਾਂ ਨਾਲ ਹੀ ਹੋਈਆਂ ਹਨ। ਪੰਜਾਬ ਨਾਲ ਮੋਹ ਰੱਖਣ ਵਾਲੇ ਕੁਝ ਸੂਝਵਾਨ ਲੋਕਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਭੜਕਾਊ ਭਾਸ਼ਣ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ, ਉਨ੍ਹਾਂ ਨੂੰ ਤਾਂ ਪੰਜਾਬ ਸਰਕਾਰ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ, ਬਲਕਿ ਜਿਨ੍ਹਾਂ ਲੋਕਾਂ ਨੂੰ ਸੁਰੱਖਿਆ ਦੀ ਲੋੜ ਹੈ, ਉਨ੍ਹਾਂ ਨੂੰ ਅਸਲਾ ਲਾਇਸੈਂਸ ਲਈ ਨਵੇਂ ਨਿਯਮਾਂ ਦੇ ਬਹਾਨੇ ਸੁਰੱਖਿਆ ਤੋਂ ਨਿਹੱਥੇ ਕਰਨਾ ਕਿਸੇ ਵੀ ਤਰ੍ਹਾਂ ਦਾ ਇਨਸਾਫ ਨਹੀਂ ਹੈ।