ਪੰਜਾਬ ''ਚ ਘਟ ਸਕਦੈ ਬਾਸਮਤੀ ਦਾ ਰਕਬਾ, ਸੂਬਾ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ

Tuesday, Aug 02, 2016 - 11:38 AM (IST)

ਚੰਡੀਗੜ੍ਹ : ਪੰਜਾਬ ''ਚ ਬਾਸਮਤੀ ਦੇ ਤਹਿਤ ਰਕਬਾ 30 ਫੀਸਦੀ ਘਟ ਸਕਦਾ ਹੈ। ਇਸ ਦਾ ਕਾਰਨ ਉਤਪਾਦਕਾਂ ਨੂੰ ਘੱਟ ਕੀਮਤ ਮਿਲਣਾ ਅਤੇ ਉੱਚ ਉਤਪਾਦਨ ਵਾਲੀ 1509 ਕਿਸਮ ਦੀ ਪਿਛਲੇ ਸਾਲ ਖਰੀਦ ਦੇ ਰਸਤੇ ''ਚ ਆਉਣ ਵਾਲੀ ਸਮੱਸਿਆ ਹੈ। ਪ੍ਰੀਮੀਅਮ ਗੁਣਵੱਤਾ ਵਾਲੇ ਚੌਲਾਂ ਦਾ ਰਕਬਾ ਘਟਣ ਦਾ ਮਤਲਬ ਹੈ ਕਿ ਸਧਾਰਨ ਕਿਸਮਾਂ ਅਤੇ ਗ੍ਰੇਡ-ਏ ਕਿਸਮਾਂ ਦਾ ਰਕਬਾ ਕਾਫੀ ਵਧੇਗਾ। 
ਚੌਲਾਂ ਦੇ ਬਰਾਮਦਕਾਰਾਂ ਨੇ ਕਿਸਾਨਾਂ ਦੀ ਖਰਾਬ ਹਾਲਤ ਅਤੇ ਬਾਸਮਤੀ ਦੇ ਅਧੀਨ ਰਕਬੇ ''ਚ ਕਮੀ ਲਈ ਸੂਬਾ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਹਾਲਾਤ ਉਸ ਸਮੇਂ ਪੈਦਾ ਹੋਏ ਹਨ, ਜਦੋਂ ਸੂਬਾ ਸਰਕਾਰ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਬਿਹਤਰ ਗੁਣਵੱਤਾ ਦੇ ਚੌਲਾਂ ਦਾ ਰਕਬਾ ਵਧਾਉਣ ''ਤੇ ਜ਼ੋਰ ਦੇ ਰਹੀ ਹੈ। ਪੰਜਾਬ ਰਾਈਸ ਮਿਲਰਜ਼ ਐਂਡ ਐਕਸਪੋਰਟਸ ਐਸੋਸੀਏਸ਼ਨ ਦੇ ਨਿਰਦੇਸ਼ਕ ਅਸ਼ੋਕ ਸੇਠੀ ਨੇ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ''ਚ ਬਾਸਮਤੀ ਫਸਲ ਦਾ ਰਕਬਾ ਇਸ ਮੌਸਮ ''ਚ 25 ਤੋਂ 30 ਫੀਸਦੀ ਘੱਟ ਜਾਵੇਗਾ।
ਪੰਜਾਬ ''ਚ ਮੌਜੂਦਾ ਸਾਉਣੀ ਦੇ ਮੌਸਮ ''ਚ ਬਾਸਮਤੀ ਦਾ ਰਕਬਾ ਕਰੀਬ 5 ਲੱਖ ਹੈਕਟੇਅਰ ਰਹਿਣ ਦਾ ਅੰਦਾਜ਼ਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 35 ਫੀਸਦੀ ਘੱਟ ਹੈ। ਪੰਜਾਬ ਖੇਤੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੂਬੇ ''ਚ ਬਾਸਮਤੀ ਦੇ ਅਧੀਨ ਰਕਬਾ 2015-16 ''ਚ 7.63 ਲੱਖ ਹੈਕਟੇਅਰ ਅਤੇ 2014-15 ''ਚ 8.62 ਲੱਖ ਹੈਕਟੇਅਰ ਸੀ। 
ਮੁਖ ਖੇਤੀ ਅਧਿਕਾਰੀ (ਅੰਮ੍ਰਿਤਸਰ) ਬੀ. ਐੱਸ. ਚੀਨਾ ਨੇ ਕਿਹਾ, ''ਉਤਪਾਦਕਾਂ ਨੇ ਇਸ ਸਾਲ ਬਾਸਮਤੀ-1509 ਦੀ ਜਗ੍ਹਾ ਸਧਾਰਨ ਕਿਸਮਾਂ ਨੂੰ ਤਰਜੀਹ ਦਿੱਤੀ ਹੈ। ਇਸ ਦਾ ਕਾਰਨ ਪਿਛਲੇ ਸਾਲ ਬਾਸਮਤੀ ਚੌਲਾਂ ਦੀ ਖਰੀਦ ''ਚ ਆਉਣ ਵਾਲੀ ਸਮੱਸਿਆ ਹੈ।'' ਪਿਛਲੇ ਸਾਲ ਚੌਲ ਵਿਕਰੇਤਾਵਾਂ ਅਤੇ ਬਰਾਮਦਕਾਰਾਂ ਨੇ ਚੌਲਾਂ ਦੇ ਦਾਣੇ ਟੁੱਟੇ ਹੋਣ ਦਾ ਹਵਾਲਾ ਦਿੰਦੇ ਹੋਏ ਪੂਸਾ ਬਾਸਮਤੀ-1509 ਕਿਸਮ ਨਹੀਂ ਲਈ, ਜਿਸ ਨਾਲ ਕਿਸਾਨਾਂ ਨੂੰ ਪਰੇਸ਼ਾਨੀ ਹੋਈ। ਇਸ ਨਾਲ ਇਸ ਬਾਸਮਤੀ ਦੀ ਕੀਮਤ ਘੱਟੋ-ਘੱਟ ਸਮਰਥਨ ਮੁੱਲ ਤੋਂ ਵੀ ਹੇਠਾਂ ਚਲੀ ਗਈ।  

Babita Marhas

News Editor

Related News