ਬੋਲੇ ਗ੍ਰੰਥੀ, ਮੈਂ ਇਸ ਕਰਕੇ ਕੀਤੀ ਸੀ ਅਰਦਾਸ ਮੌਕੇ ਫਾਇਰਿੰਗ (ਵੀਡੀਓ)

11/23/2019 6:41:55 PM

ਮੋਗਾ— ਅਰਦਾਸ ਮੌਕੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਤੋਂ ਬਾਅਦ ਫਾਈਰਿੰਗ ਕਰਨ ਵਾਲੇ ਗ੍ਰੰਥੀ ਨੇ ਆਪਣੀ ਸਫਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਗਤ ਤੋਂ ਮੁਆਫੀ ਵੀ ਮੰਗੀ ਹੈ। ਸਫਾਈ ਪੇਸ਼ ਕਰਦੇ ਹੋਏ ਗ੍ਰੰਥੀ ਰਜਿੰਦਰ ਸਿੰਘ ਨੇ ਅਜੀਬੋ-ਗਰੀਬ ਜਵਾਬ ਦਿੰਦੇ ਕਿਹਾ ਕਿ ਉਨ੍ਹਾਂ ਨੇ ਖੁਸ਼ੀ 'ਚ ਫਾਇਰ ਕੀਤੇ ਸਨ। 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੁਰਾਣੇ ਰੀਤੀ-ਰਿਵਾਇਤ ਦੇ ਅਨੁਸਾਰ ਫਾਇਰ ਕੀਤੇ ਸਨ। ਜਦੋਂ ਸਿੱਖ ਰੇਜੀਮੈਂਟ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਆਉਂਦੀ ਹੈ ਤਾਂ ਫਾਇਰ ਨਾਲ ਸਵਾਗਤ ਕੀਤਾ ਜਾਂਦਾ ਹੈ। 

ਉਨ੍ਹਾਂ ਕਿਹਾ ਕਿ ਹਸਨਪੁਰਾ ਪਿੰਡ 'ਚ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਲਈ ਸਾਡੀ ਡਿਊਟੀ ਲਗਾਈ ਗਈ ਸੀ। ਪੂਰਾ ਪ੍ਰੋਗਰਾਮ ਬਹੁਤ ਵੀ ਵਧੀਆ ਹੋਇਆ। ਅਸਲੇ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਥੇ ਕੋਲ ਕੋਈ ਸਿੰਘ ਖੜ੍ਹਾ ਸੀ, ਜਿਸ ਤੋਂ ਲੈ ਕੇ ਉਨ੍ਹਾਂ ਨੇ ਖੁਸ਼ੀ 'ਚ 5 ਫਾਇਰ ਕਰ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਵੱਲੋਂ ਕੀਤੀ ਗਈ ਫਾਇਰਿੰਗ ਦਾ ਸੰਗਤ ਨੂੰ ਬੁਰਾ ਲੱਗਾ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। 

ਦੱਸਣਯੋਗ ਹੈ ਕਿ ਗ੍ਰੰਥੀ ਰਜਿੰਦਰ ਸਿੰਘ ਮੋਗਾ ਦੇ ਪਿੰਡ ਤਖਤੂਪੁਰਾ ਦੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਹਨ। ਫਾਇਰਿੰਗ ਵਾਲੀ ਵੀਡੀਓ ਲੁਧਿਆਣਾ ਦੇ ਪਿੰਡ ਹਸਨ ਪੁਰਾ ਦੀ ਹੈ, ਜਿੱਥੇ 13 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸ੍ਰੀ ਅਖੰਡ ਪਾਠ ਸਾਹਿਬ ਹੋ ਰਿਹਾ ਸੀ। ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਗ੍ਰੰਥੀ ਰਜਿੰਦਰ ਨੇ 5 ਫਾਇਰ ਕੀਤੇ ਸਨ। ਇਹ ਮਾਮਲਾ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਭਖਿਆ ਹੋਇਆ ਹੈ। ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੁੱਦਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਵੀ ਪਹੁੰਚ ਗਿਆ। ਸਿੰਘ ਸਾਹਿਬਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਤੋਂ ਇਸ ਮਾਮਲੇ 'ਤੇ ਅਜੇ ਤਕ ਕੋਈ ਸ਼ਿਕਾਇਤ ਨਹੀਂ ਆਈ ਪਰ ਮਾਮਲੇ ਗੁਰਮਰਿਆਦਾ ਖਿਲਾਫ ਹੈ, ਇਸ ਲਈ ਜਾਂਚ ਕੀਤੀ ਜਾਵੇਗੀ।


shivani attri

Content Editor

Related News