ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਅਹਿਮ ਫ਼ੈਸਲਿਆਂ ਨੂੰ ਪ੍ਰਵਾਨਗੀ

04/23/2021 5:31:47 PM

ਅੰਮਿ੍ਰਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਗੁਰਸਿੱਖ ਨੌਜਵਾਨਾਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਸਤੇ ਕੋਚਿੰਗ ਅਕੈਡਮੀ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਅਕੈਡਮੀ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਦਾ ਨਾਂ ‘ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਕੰਪੀਟੀਟਿਵ ਸਟੱਡੀਜ਼’ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਬਾਰੇ ਸਬ-ਕਮੇਟੀ ਬਣਾਈ ਗਈ ਸੀ, ਜਿਸ ਦੀ ਰਿਪੋਰਟ ਤੇ ਸਿਫਾਰਸ਼ਾਂ ਅਨੁਸਾਰ ਇਹ ਅਕੈਡਮੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ੍ਹ(ਪਟਿਆਲਾ) ਵਿਖੇ ਚਲਾਈ ਜਾਵੇਗੀ। ਅਕੈਡਮੀ ’ਚ ਆਈ. ਏ. ਐੱਸ., ਆਈ. ਪੀ. ਐੱਸ., ਐੱਨ. ਡੀ. ਏ., ਪੀ. ਸੀ. ਐੱਸ. ਅਤੇ ਏ. ਗ੍ਰੇਡ ਦੀਆਂ ਕੇਂਦਰੀ ਜਾਂ ਸਟੇਟ ਸਰਵਿਸਜ਼ ਲਈ ਤਿਆਰੀ ਕਰਵਾਈ ਜਾਵੇਗੀ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਦਾ ਸਾਬਤ ਸੂਰਤ ਹੋਣਾ ਲਾਜ਼ਮੀ ਹੋਵੇਗਾ ਅਤੇ ਵਿਦਿਆਰਥੀ ਸਿਰਫ਼ ਸਿੱਖ ਧਰਮ ਨਾਲ ਸਬੰਧਤ ਰੱਖੇ ਜਾਣਗੇ। ਗ੍ਰੈਜੂਏਟ ਪੱਧਰ ਤੱਕ ਪੜ੍ਹੇ ਵਿਦਿਆਰਥੀਆਂ ਦੀ ਉਮਰ ਘਟੋ-ਘੱਟ 20 ਸਾਲ ਜ਼ਰੂਰੀ ਹੋਵੇਗੀ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ :  ਪੰਜਾਬ ’ਚ ਫਿਲਹਾਲ ਕੋਵਿਡ ਸਬੰਧੀ ਨਵੀਆਂ ਪਾਬੰਦੀਆਂ ਲਾਉਣ ਸਬੰਧੀ ਕੋਈ ਫੈਸਲਾ ਨਹੀਂ

ਉਨ੍ਹਾਂ ਦੱਸਿਆ ਕਿ ਕੋਚਿੰਗ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਪਾਸੋਂ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਤੋਂ ਇਲਾਵਾ ਕੁੜੀਆਂ ਨੂੰ ਖੇਡਾਂ ਪ੍ਰਤੀ ਉਤਸਾਹਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਕੀਤੀ ਗਈ ਖੇਡ ਅਕੈਡਮੀ ਲਈ ਜਿਨ੍ਹਾਂ ਕੁੜੀਆਂ ਦੇ ਟਰਾਇਲ ਲਏ ਗਏ ਸਨ, ਉਨ੍ਹਾਂ ’ਚੋਂ ਕੀਤੀ ਚੋਣ ਨੂੰ ਪ੍ਰਵਾਨ ਕਰਦਿਆਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਸਟਲ ਲਈ ਇਕ ਸਰਾਂ ਦੀ ਵਰਤੋਂ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੇਡ ਅਕੈਡਮੀ ਲਈ ਚੁਣੀਆਂ ਕੁੜੀਆਂ ਨੂੰ ਵਧੀਆ ਕੋਚ, ਖੇਡ ਕਿੱਟਾਂ, ਖਾਣਾ ਆਦਿ ਦੇ ਨਾਲ-ਨਾਲ ਪੜ੍ਹਾਈ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਇਕ ਹੋਰ ਅਹਿਮ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਜਨੇਪੇ ਲਈ ਦਾਖ਼ਲ ਬੀਬੀਆਂ ਕੋਲੋਂ ਕੋਈ ਖਰਚ ਨਹੀਂ ਲਿਆ ਜਾਵੇਗਾ। ਇਸ ਦੇ ਨਾਲ ਹੀ ਹਸਪਤਾਲ ਵਿਖੇ ਕੁੜੀ ਪੈਦਾ ਹੋਣ ’ਤੇ 1100 ਰੁਪਏ ਦਾ ਸ਼ਗਨ ਵੀ ਦਿੱਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਡਿਊਟੀ ਦੌਰਾਨ ਸਵਰਗਵਾਸ ਹੋਏ ਹਨ, ਉਨ੍ਹਾਂ ਦੇ ਬੱਚਿਆਂ ’ਚੋਂ ਇਕ ਨੂੰ ਯੋਗਤਾ ਅਨੁਸਾਰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਕਮੇਟੀ ਮੈਂਬਰ ਦਲਵਾਰ ਸਿੰਘ ਛੀਨੀਵਾਲ, ਸਾਬਕਾ ਮੈਂਬਰ ਕੁਲਦੀਪ ਸਿੰਘ ਢੋਸ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੀ ਸਤਿਕਾਰਯੋਗ ਮਾਤਾ ਬੀਬੀ ਜਰਨੈਲ ਕੌਰ ਸਬੰਧੀ ਸ਼ੋਕ ਮਤਾ ਪਾਸ ਕੀਤਾ ਗਿਆ। 

ਇਹ ਵੀ ਪੜ੍ਹੋ :  ਪੰਜਾਬ ਦੇ ਪ੍ਰਾਈਵੇਟ ਸਕੂਲਾਂ ਲਈ ਵੱਡੀ ਖ਼ਸ਼ਖ਼ਬਰੀ, ਪਹਿਲੀ ਵਾਰ ‘ਫੈਪ ਸਟੇਟ ਐਵਾਰਡ’ ਦੇਣ ਦਾ ਐਲਾਨ

ਐਥਲੈਟਿਕਸ ’ਚ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਸਿੱਖ ਨੌਜਵਾਨ ਦਾ 2 ਲੱਖ ਰੁਪਏ ਨਾਲ ਸਨਮਾਨ
ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਥਲੈਟਿਕਸ ਵਿਚ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਗੁਰਿੰਦਰਵੀਰ ਸਿੰਘ ਨੂੰ 2 ਲੱਖ ਰੁਪਦੇ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ। ਗੁਰਿੰਦਰਵੀਰ ਸਿੰਘ ਨੇ ਅੰਡਰ-18 ਤੇ ਅੰਡਰ-20 ਵਿਚ 10.5 ਸੈਕਿੰਡ ਵਿਚ 100 ਮੀਟਰ ਦੌੜ ਦਾ ਰਿਕਾਰਡ ਕਾਇਮ ਕੀਤਾ ਹੈ। ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਗੁਰਿੰਦਰਵੀਰ ਸਿੰਘ ਦੀ ਪੜ੍ਹਾਈ ਲਈ ਖ਼ਰਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ ਤਾਂ ਜੋ ਹੋਰ ਨੌਜਵਾਨ ਪ੍ਰੇਰਣਾ ਲੈ ਕੇ ਖੇਡਾਂ ਦੇ ਖੇਤਰ ’ਚ ਅੱਗੇ ਵਧਣ। ਇਸ ਮੌਕੇ ਉਨ੍ਹਾਂ ਗੁਰਿੰਦਰਵੀਰ ਸਿੰਘ ਦੇ ਪਿਤਾ ਤੇ ਕੋਚ ਨੂੰ ਵੀ ਸਨਮਾਨਿਤ ਕੀਤਾ। 

ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
  


Anuradha

Content Editor

Related News