ਭਗਵੰਤ ਮਾਨ ਸਰਕਾਰ ਵੱਲੋਂ ETT ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ

Tuesday, Jul 05, 2022 - 04:32 PM (IST)

ਭਗਵੰਤ ਮਾਨ ਸਰਕਾਰ ਵੱਲੋਂ ETT ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ. ਟੀ. ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅੱਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 16 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਬੀਤੇ ਦਿਨ ਸਥਾਨਕ ਪੰਜਾਬ ਭਵਨ ਵਿਖੇ ਨਿਯੁਕਤੀ ਪੱਤਰ ਸੌਂਪਣ ਦੇ ਮੌਕੇ ਮੀਤ ਹੇਅਰ ਨੇ ਨਵੇਂ ਨਿਯੁਕਤ ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਲਗਨ ਅਤੇ ਸੰਜੀਦਗੀ ਨਾਲ ਨਿਭਾਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਹੈ ਅਤੇ ਇਸ ਵਾਸਤੇ ਸਕੂਲਾਂ ਦੇ ਪੱਧਰ ਨੂੰ ਉੱਚਾ ਚੁੱਕਿਆ ਜਾਵੇਗਾ ਹੈ। ਉਨਾਂ ਕਿਹਾ ਕਿ ਅਧਿਆਪਕਾਂ ਦੀ ਕਮੀ ਪੂਰੀ ਕਰਨ ਵਾਸਤੇ ਉਨ੍ਹਾਂ ਦੀ ਸਰਕਾਰ ਨੇ ਮੁਹਿੰਮ ਆਰੰਭ ਦਿੱਤੀ ਹੈ। ਇਸ ਸਬੰਧ ਵਿੱਚ ਪਿੱਛੜੇ ਇਲਾਕਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਦੀ ਠੋਸ ਬੁਨਿਆਦ ਵਿੱਚ ਐਲੀਮੈਂਟਰੀ ਸਿੱਖਿਆ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ।

ਉਨ੍ਹਾਂ ਨੇ ਨਵੇਂ ਨਿਯੁਕਤ ਐਲੀਮੈਂਟਰੀ ਅਧਿਆਪਕਾਂ ਨੂੰ ਬੱਚਿਆਂ ਦੀ ਬੁਨਿਆਦ ਮਜ਼ਬੂਤ ਬਨਾਉਣ ਲਈ ਸਮਰਪਣ ਦੀ ਭਾਵਨਾ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਆਖਿਆ। ਇਸ ਮੌਕੇ ਮੀਤ ਹੇਅਰ ਨੇ ਮਨਦੀਪ, ਸੁਖਵਿੰਦਰ ਸਿੰਘ, ਪਰਵਿੰਦਰ ਕੌਰ, ਸੋਨੀਆ ਕੁਮਾਰੀ, ਨੈਨਸੀ ਕੋਸ਼ਿਲ, ਅਸ਼ੀਸ਼ ਕੁਮਾਰ ਵਰਮਾ, ਨਿਖਲ ਕੁਮਾਰ, ਰੂਬੀ ਵਰਮਾ, ਸਿਮਰਨਜੀਤ ਕੌਰ, ਕੁਲਦੀਪ ਕੌਰ, ਨੀਨਾ, ਆਂਚਲ ਕਪੂਰ, ਅਰਸ਼ਦੀਪ ਅਤੇ ਸਰਬਜੀਤ ਕੌਰ ਨੂੰ ਨਿਯੁਕਤੀ ਪੱਤਰ ਸੌਂਪੇ ਜਦਕਿ ਪੂਜਾ ਰਾਣੀ ਅਤੇ ਮਨਨ ਮਹਿਤਾ ਇਸ ਸਮੇਂ ਹਾਜ਼ਰ ਨਾ ਹੋ ਸਕੇ। ਇਸ ਮੌਕੇ ਸਿੱਖਿਆ ਸਕੱਤਰ ਅਜੋਏ ਸ਼ਰਮਾ ਅਤੇ ਡੀ. ਪੀ. ਆਈ. ਐਲੀਮੈਂਟਰੀ ਹਰਿੰਦਰ ਕੌਰ ਹਾਜ਼ਰ ਸਨ।


 


author

Babita

Content Editor

Related News