ਸ਼ਿਵ ਸੈਨਾ ਸਮਾਜਵਾਦੀ ਦੀ ਜਨ ਚੇਤਨਾ ਰੈਲੀ ''ਚ ਅੱਤਵਾਦ ਵਿਰੋਧੀ ਪ੍ਰਦਰਸ਼ਨ

Sunday, Aug 06, 2017 - 04:17 PM (IST)

ਸ਼ਿਵ ਸੈਨਾ ਸਮਾਜਵਾਦੀ ਦੀ ਜਨ ਚੇਤਨਾ ਰੈਲੀ ''ਚ ਅੱਤਵਾਦ ਵਿਰੋਧੀ ਪ੍ਰਦਰਸ਼ਨ

ਜਲੰਧਰ(ਪੁਨੀਤ)— ਸ਼ਿਵ ਸੈਨਾ ਸਮਾਜਵਾਦੀ ਦੀ ਜਨ ਚੇਤਨਾ ਰੈਲੀ ਵਿਚ ਅੱਤਵਾਦ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਸੈਂਕੜੇ ਨੌਜਵਾਨਾਂ ਨੇ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ, ਉੱਤਰ ਭਾਰਤ ਦੇ ਸੀਨੀਅਰ ਉਪ ਪ੍ਰਧਾਨ ਰਾਜੇਸ਼ ਰਿੰਕੂ, ਰਾਸ਼ਟਰੀ ਉਪ ਪ੍ਰਧਾਨ ਊਸ਼ਾ ਮਾਹੀ, ਚੇਅਰਮੈਨ ਪੰਜਾਬ ਨਰਿੰਦਰ ਥਾਪਰ, ਮਹਿਲਾ ਵਿੰਗ ਦੀ ਪ੍ਰਧਾਨ ਰੁਪਾਲੀ ਮਲਹੋਤਰਾ ਦੀ ਅਗਵਾਈ ਵਿਚ ਕੰਪਨੀ ਬਾਗ ਚੌਕ ਤੋਂ ਸ਼ਨੀਵਾਰ ਦੁਪਹਿਰ 12 ਵਜੇ ਪਾਰਟੀ ਦੇ ਵਰਕਰ ਕੰਪਨੀ ਬਾਗ ਚੌਕ ਵਿਚ ਇਕੱਠੇ ਹੋਏ ਅਤੇ ਰੈਲੀ ਦੇ ਰੂਪ ਵਿਚ ਪੈਦਲ ਮਾਰਚ ਕਰਦਿਆਂ ਪੁਲਸ ਕਮਿਸ਼ਨਰ ਜਲੰਧਰ ਪਹੁੰਚੇ। ਇਸ ਮੌਕੇ ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੂੰ ਡੀ. ਜੀ. ਪੀ. ਦੇ ਨਾਂ ਮੰਗ-ਪੱਤਰ ਸੌਂਪਿਆ ਗਿਆ, ਜਿਸ ਵਿਚ ਮੰਗ ਰੱਖੀ ਗਈ ਕਿ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਤੇ ਨੌਜਵਾਨ ਚੇਅਰਮੈਨ ਹਨੀ ਭਾਰਦਵਾਜ ਨੂੰ ਬੁਲੇਟ ਪਰੂਫ ਗੱਡੀਆਂ ਮੁਹੱਈਆ ਕਰਵਾਈਆਂ ਜਾਣ ਕਿਉਂਕਿ ਉਹ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹਨ ਤੇ ਕਦੀ ਵੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਪਾਰਟੀ ਦੀ ਰਾਸ਼ਟਰੀ ਉਪ ਪ੍ਰਧਾਨ ਊਸ਼ਾ ਮਾਹੀ ਨੇ ਕਿਹਾ ਕਿ ਪਾਰਟੀ ਆਗੂਆਂ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਕਿਉਂਕਿ ਪਿਛਲੇ ਸਮੇਂ ਦੌਰਾਨ ਪਾਰਟੀ ਆਗੂਆਂ 'ਤੇ ਵੱਡੀ ਗਿਣਤੀ ਵਿਚ ਹਮਲੇ ਹੋ ਚੁੱਕੇ ਹਨ। 
ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਸਨ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸ਼ਿਵ ਸੈਨਾ ਆਗੂਆਂ ਨੇ ਅੱਤਵਾਦ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੋਈ ਹੈ। ਸੀਨੀਅਰ ਉਪ ਪ੍ਰਧਾਨ ਰਾਜੇਸ਼ ਰਿੰਕੂ ਨੇ ਕਿਹਾ ਕਿ ਆਰ. ਐੱਸ. ਐੱਸ. ਆਗੂ ਜਗਦੀਸ਼ ਗਗਨੇਜਾ ਸਣੇ ਕਈ ਸ਼ਿਵ ਸੈਨਾ ਆਗੂਆਂ 'ਤੇ ਹਮਲਿਆਂ ਦੇ ਬਾਵਜੂਦ ਪੁਲਸ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਇਆ ਹੈ। ਰਿੰਕੂ ਨੇ ਕਿਹਾ ਕਿ ਹਿੰਦੂ ਆਗੂ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹਨ। ਮੰਗ-ਪੱਤਰ ਵਿਚ ਸ਼ਿਵ ਸੈਨਾ ਦੇ ਹੋਰ ਅਹੁਦੇਦਾਰਾਂ ਨੂੰ ਵੀ ਸੁਰੱਖਿਆ ਦੇਣ ਦੀ ਮੰਗ ਰੱਖੀ ਗਈ।


Related News