ਸਡ਼ਕਛਾਪ ਮਜਨੂੰਆਂ ਨੇ ਕੀਤਾ ਵਿਦਿਆਰਥਣਾਂ ਦੇ ਨੱਕ ’ਚ ਦਮ
Saturday, Jul 07, 2018 - 02:01 AM (IST)

ਹੁਸ਼ਿਆਰਪੁਰ, (ਜੈਨ)- ਸ਼ਹਿਰ ’ਚ ਕਾਨੂੰਨ-ਵਿਵਸਥਾ ਦੀ ਲਚੀਲੀ ਹਾਲਤ ਹੋਣ ਕਾਰਨ ਸਮਾਜ ਵਿਰੋਧੀ ਅਨਸਰ ਸ਼ਰ੍ਹੇਆਮ ਘੁੰਮ ਰਹੇ ਹਨ। ਸਿੱਖਿਆ ਸੰਸਥਾਵਾਂ ਦੇ ਆਸ-ਪਾਸ ਤਾਂ ਸਡ਼ਕਛਾਪ ਮਜਨੂੰਆਂ ਨੇ ਵਿਦਿਆਰਥਣਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਸਕੂਲ-ਕਾਲਜ ਜਾਂਦੇ ਸਮੇਂ ਤੇ ਛੁੱਟੀ ਸਮੇਂ ਦੋਪਹੀਆ ਵਾਹਨਾਂ ’ਤੇ ਸਵਾਰ ਕੁੱਝ ਮਨਚਲੇ ਨੌਜਵਾਨ ਲਡ਼ਕੀਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਗਲਤ ਇਸ਼ਾਰੇ ਕਰਕੇ ਅਸ਼ਲੀਲ ਫਬਤੀਆਂ ਕੱਸਦੇ ਹਨ। ਸਰਕਾਰੀ ਗਰਲਜ਼ ਹਾਈ ਸਕੂਲ ਨਵੀਂ ਆਬਾਦੀ ਦੀ ਮੁੱਖ ਅਧਿਆਪਕਾ ਨੇ ਤਾਂ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਥਾਣਾ ਸਿਟੀ ਨੂੰ ਦਿੱਤੀ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਇਕ ਆਟੋ ਸ਼ਹਿਰ ਦੇ ਨੇਡ਼ਲੇ ਪਿੰਡਾਂ ਤੋਂ ਵਿਦਿਆਰਥਣਾਂ ਨੂੰ ਲੈ ਕੇ ਸਕੂਲ ਆਉਂਦਾ ਹੈ ਅਤੇ ਟੈਂਪੂ ਦੇ ਚਾਲਕ ਅਨੁਸਾਰ ਦੋਪਹੀਆ ਵਾਹਨ ਸਵਾਰ ਇਕ ਨੌਜਵਾਨ ਵੱਲੋਂ ਅੱਜ ਟੈਂਪੂ ਦਾ ਪਿੱਛਾ ਕਰਕੇ ਲਡ਼ਕੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਲਾਕੇ ਦੇ ਨਿਗਮ ਕੌਂਸਲਰ ਸੁਦਰਸ਼ਨ ਧੀਰ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਪਿੱਛਾ ਕਰਕੇ ਉਕਤ ਮਜਨੂੰ ਨੂੰ ਘੇਰ ਲਿਆ ਤੇ ਉਸਦਾ ਸਕੂਟਰ ਵੀ ਕਬਜ਼ੇ ’ਚ ਲੈ ਲਿਆ। ਉਕਤ ਨੌਜਵਾਨ ਨੇ ਆਪਣੀਆਂ ਹਰਕਤਾਂ ’ਤੇ ਮੁਆਫ਼ੀ ਮੰਗਣ ਦੀ ਬਜਾਏ ਆਟੋ ਚਾਲਕ ਨਾਲ ਗਾਲੀ-ਗਲੋਚ ਕੀਤਾ ਤੇ ਉਸਨੂੰ ਧਮਕੀਆਂ ਵੀ ਦਿੱਤੀਆਂ।
ਇਸ ਦੌਰਾਨ ਕੌਂਸਲਰ ਸੁਦਰਸ਼ਨ ਧੀਰ ਨੇ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨਾਲ ਮੁਲਾਕਾਤ ਕਰਕੇ ਘਟਨਾ ਤੋਂ ਜਾਣੂ ਕਰਵਾਇਆ ਤੇ ਮੰਗ ਕੀਤੀ ਕਿ ਸਕੂਲ ਦੇ ਆਸ-ਪਾਸ ਪੀ. ਸੀ. ਆਰ. ਦੇ ਮੋਟਰਸਾਈਕਲ ਦਸਤਿਆਂ ਦੀ ਗਸ਼ਤ ਯਕੀਨੀ ਬਣਾਈ ਜਾਵੇ।