ਐਂਟੀ ਨਾਰਕੋਟਿਕਸ ਸੈੱਲ ਦੀ ਕਾਰਵਾਈ, ਹੈਰੋਇਨ, ਅਫੀਮ ਤੇ ਡਰੱਗ ਮਨੀ ਸਮੇਤ 2 ਕੀਤੇ ਕਾਬੂ

03/22/2023 11:57:00 PM

ਲੁਧਿਆਣਾ (ਰਾਜ) : ਐਂਟੀ ਨਾਰਕੋਟਿਕਸ ਸੈੱਲ-1 ਅਤੇ 2 ਦੀ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕਾਰਵਾਈ ਕਰਦੇ ਹੋਏ 2 ਮੁਲਜ਼ਮਾਂ ਨੂੰ ਨਸ਼ਾ ਅਤੇ ਡਰੱਗ ਮਨੀ ਨਾਲ ਕਾਬੂ ਕੀਤਾ ਹੈ। ਦੋਵੇਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ-2 ਦੀ ਪੁਲਸ ਮੁਹੱਲਾ ਗੁਰਪਾਲ ਨਗਰ ’ਚ ਗਸ਼ਤ ’ਤੇ ਮੌਜੂਦ ਸੀ। ਇਸ ਦੌਰਾਨ ਇੰਸਪੈਕਟਰ ਅੰਮ੍ਰਿਤਪਾਲ ਗਰੇਵਾਲ ਦੀ ਅਗਵਾਈ ’ਚ ਪੁਲਸ ਟੀਮ ਨੇ ਸਿਮਰਨਜੀਤ ਸਿੰਘ ਉਰਫ਼ ਬਿੱਲਾ ਨੂੰ 90 ਗ੍ਰਾਮ ਹੈਰੋਇਨ, 55 ਖਾਲੀ ਲਿਫ਼ਾਫ਼ੇ, ਇਲੈਕਟ੍ਰਾਨਿਕ ਕੰਡਾ ਅਤੇ 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਣੇ ਕਾਬੂ ਕੀਤਾ ਹੈ। ਮੁਲਜ਼ਮ ਖਿਲਾਫ਼ ਥਾਣਾ ਡਵੀਜ਼ਨ ਨੰ. 6 ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਨਵੀਆਂ ਹਦਾਇਤਾਂ ਜਾਰੀ

ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਐਂਟੀ ਨਾਰਕੋਟਿਕਸ ਸੈੱਲ-1 ਦੇ ਇੰਚਾਰਜ ਜਸਵੀਰ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਸੈਕਟਰ-32, ਚੰਡੀਗੜ੍ਹ ਰੋਡ ’ਤੇ ਗਸ਼ਤ ਦੌਰਾਨ ਮੁਲਜ਼ਮ ਸੋਨੂ ਪਾਂਡੇ ਨੂੰ 850 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਬਾਈਕ ’ਤੇ ਨਸ਼ਾ ਸਪਲਾਈ ਕਰਨ ਜਾ ਰਿਹਾ ਸੀ। ਮੁਲਜ਼ਮ ’ਤੇ ਥਾਣਾ ਡਵੀਜ਼ਨ ਨੰ. 7 ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।


Mandeep Singh

Content Editor

Related News