ਵਿਦੇਸ਼ ਫੇਰੀ ਤੋਂ ਪਰਤੇ ਐਂਟੀ ਨਾਰਕੋਟਿਕ ਸੈੱਲ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
Sunday, Aug 21, 2022 - 06:02 PM (IST)
ਪਟਿਆਲਾ (ਬਲਜਿੰਦਰ) : ਪਿਛਲੇ ਇਕ ਦਹਾਕੇ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੜਾਈ ਲੜ ਰਹੇ ਐਂਟੀ ਨਾਰਕੋਟਿਕ ਸੈੱਲ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੂੰ ਡਰੱਗ ਮਾਫੀਆ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਹ ਹਾਲ ਹੀ ਵਿਚ ਕੈਨੇਡਾ ਫੇਰੀ ਤੋਂ ਵਾਪਸ ਪਰਤੇ ਹਨ। ਜਦੋਂ ਉਹ ਆਏ ਤਾਂ ਉਨ੍ਹਾਂ ਨੂੰ ਪੱਤਰ ਪ੍ਰਾਪਤ ਹੋਇਆ, ਜਿਸ ਵਿਚ ਉਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਵਿਚ ਡਰੱਗ ਮਾਫੀਆ ਵੱਲੋਂ ਸਪੱਸ਼ਟ ਕਿਹਾ ਗਿਆ ਹੈ ਕਿ ਰਣਜੀਤ ਸਿੰਘ ਨਿੱਕੜਾ ਨੇ ਉਨ੍ਹਾਂ ਦਾ ਕਾਰੋਬਾਰ ਬੰਦ ਕਰਵਾਇਆ ਹੈ। ਇਸ ਸਬੰਧ ਵਿਚ ਅੱਜ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੇ ਇਕ ਲਿਖਤੀ ਸ਼ਿਕਾਇਤ ਥਾਣਾ ਲਾਹੌਰੀ ਗੇਟ ਦੀ ਪੁਲਸ ਨੂੰ ਵੀ ਦੇ ਦਿੱਤੀ ਹੈ। ਇਸ ਮਾਮਲੇ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਂਟੀ ਨਾਰਕੋਟਿਕ ਸੈੱਲ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੇ ਦੱਸਿਆ ਕਿ ਉਹ ਹੁਣ ਤੱਕ ਹਜ਼ਾਰਾਂ ਹੀ ਨੌਜਵਾਨਾ ਨੂੰ ਨਸ਼ੇ ਦੇ ਦਲ ਦਲ ਵਿਚੋਂ ਕੱਢ ਦੇ ਮੁੱਖ ਧਾਰਾ ਵਿਚ ਸ਼ਾਮਲ ਕਰ ਚੁੱਕੇ ਹਨ। ਉਨ੍ਹਾਂ ਨੇ ਹੁਣ ਤੱਕ ਸੈਂਕੜੇ ਡਰੱਗ ਤਸਕਰਾਂ ਨੂੰ ਜੇਲ੍ਹਾਂ ਦੀਆਂ ਸ਼ਲਾਖਾ ਦੇ ਪਿੱਛੇ ਪਹੁੰਚਾਇਆ ਹੈ। ਜਿਸ ਤੋਂ ਪਿਛਲੇ ਕਾਫੀ ਸਮੇਂ ਤੋਂ ਡਰੱਗ ਮਾਫੀਆ ਉਨ੍ਹਾਂ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਸੀ।
ਨਿੱਕੜਾ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਉਹ ਆਪਣਾ ਡਰੱਗ ਮੁਕਤ ਪੰਜਾਬ ਦੀ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ। ਨਿੱਕੜਾ ਨੇ ਦੱਸਿਆ ਕਿ ਹੁਣ ਉਹ ਡਰੱਗ ਤਸਕਰਾਂ ਨੂੰ ਨਕੇਲ ਪਾਉਣ ਵਿਚ ਪੁਲਸ ਦੀ ਮਦਦ ਵੀ ਕਰਨਗੇ ਅਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਨੂੰ ਪਹਿਲਾਂ ਨਾਲੋ ਵੀ ਤੇਜੀ ਨਾਲ ਚਲਾਉਣਗੇ। ਇਥੇ ਇਹ ਦੱਸਣਯੋਗ ਹੈ ਕਿ ਰਣਜੀਤ ਸਿੰਘ ਨਿੱਕੜਾ ਵੱਲੋਂ ਡਰੱਗ ਮੁਕਤ ਪੰਜਾਬ ਬਣਾਉਣ ਲਈ ਜਿਥੇ ਡਰੱਗ ਤਸਕਰਾਂ ਨੂੰ ਨੱਥ ਪਾਉਣ ਵਿਚ ਪੁਲਸ ਦੀ ਮਦਦ ਕੀਤੀ ਜਾਂਦੀ ਹੈ, ਉਥੇ ਸੈਮੀਨਾਰ, ਰੋਡ ਸ਼ੋਅ ਅਤੇ ਸਕੂਲਾਂ ਅਤੇ ਕਾਲਜਾਂ ਵਿਚ ਜਾ ਕੇ ਨਸ਼ਿਆਂ ਖ਼ਿਲਾਫ ਨੌਜਵਾਨਾ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਪੀੜਤ ਨੌਜਵਾਨਾ ਨੂੰ ਹਸਪਤਾਲਾਂ ਵਿਚ ਦਾਖਲ ਵੀ ਕਰਵਾਇਆ ਜਾ ਰਿਹਾ ਹੈ।