ਕਿਸਾਨੀ ਸੰਘਰਸ਼ ’ਚ ਇੱਕ ਹੋਰ ਕਿਸਾਨ ਨੇ ਗੁਆਈ ਜਾਨ
Thursday, Aug 26, 2021 - 08:21 PM (IST)
ਭਵਾਨੀਗੜ੍ਹ (ਵਿਕਾਸ) : ਭਵਾਨੀਗੜ੍ਹ ਨੇੜੇ ਕਾਲਾਝਾੜ ਟੋਲ ਪਲਾਜ਼ਾ ’ਤੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਕਿਸਾਨਾਂ ਦੇ ਧਰਨੇ ਦੌਰਾਨ ਅੱਜ 70 ਸਾਲ ਦੇ ਇੱਕ ਕਿਸਾਨ ਦੀ ਮੌਤ ਹੋ ਗਈ। ਕਿਸਾਨ ਮੇਵਾ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਕਾਲਾਝਾੜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨਾਲ ਸਬੰਧਤ ਸੀ ਤੇ 8-9 ਮਹੀਨਿਆਂ ਤੋਂ ਲਗਾਤਾਰ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਸੀ। ਉਹ ਧਰਨਿਆਂ ’ਚ ਇਨਕਲਾਬੀ ਕਵਿਤਾਵਾਂ, ਰਚਨਾਵਾਂ ਤੇ ਗੀਤ ਗਾ ਕੇ ਕਿਸਾਨਾਂ ’ਚ ਜੋਸ਼ ਜਗਾਉਂਦਾ ਸੀ। ਵੀਰਵਾਰ ਦੁਪਹਿਰ ਧਰਨੇ ’ਚ ਸ਼ਾਮਲ ਮੇਵਾ ਸਿਘ ਦੀ ਅਚਾਨਕ ਸਿਹਤ ਵਿਗੜ ਜਾਣ ਕਾਰਨ ਉਹ ਚੱਕਰ ਖਾ ਕੇ ਜ਼ਮੀਨ ’ਤੇ ਡਿੱਗ ਪਿਆ, ਜਿਸ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਮੇਵਾ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ।
ਇਸ ਸਬੰਧੀ ਭਾਕਿਯੂ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਭਵਾਨੀਗੜ੍ਹ ਬਲਾਕ ਦੇ ਆਗੂ ਹਰਜਿੰਦਰ ਸਿੰਘ ਘਰਾਚੋਂ ਨੇ ਕਿਹਾ ਕਿ ਕੇਂਦਰ ਖ਼ਿਲਾਫ਼ ਕਾਲੇ ਕਾਨੂੰਨਾਂ ਦੀ ਲੜਾਈ ਲੜਦੇ ਹੋਏ ਉਨ੍ਹਾਂ ਦਾ ਇੱਕ ਹੋਰ ਜੁਝਾਰੂ ਸਾਥੀ ਉਨ੍ਹਾਂ ਤੋਂ ਸਦਾ ਲਈ ਵਿਛੜ ਗਿਆ। ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ, 10 ਲੱਖ ਰੁਪਏ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।