ਅੰਦੋਲਨ ਵਿਚਾਲੇ ਇਕ ਹੋਰ ਕਿਸਾਨ ਦੀ ਹੋਈ ਮੌਤ, ਅੱਥਰੂ ਗੈਸ ਤੇ ਰਬੜ ਦੀਆਂ ਗੋਲ਼ੀਆਂ ਕਾਰਨ ਵਿਗੜੀ ਸੀ ਸਿਹਤ
Wednesday, Feb 28, 2024 - 06:09 AM (IST)
ਤਲਵੰਡੀ ਸਾਬੋ (ਮੁਨੀਸ਼)- ਕਿਸਾਨੀ ਸੰਘਰਸ਼ ਦੌਰਾਨ ਖਨੌਰੀ ਬਾਰਡਰ ਤੋਂ ਆਏ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਇਕ ਕਿਸਾਨ ਦੀ ਘਰ ਆ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਕਿਸਾਨ 14 ਦਿਨ ਖਨੌਰੀ ਬਾਰਡਰ ’ਤੇ ਲਗਾ ਕੇ ਵਾਪਸ ਪਿੰਡ ਆਇਆ ਸੀ, ਜਿੱਥੇ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ, ਉੱਥੇ ਹੀ ਪੁਲਸ ਨੇ 174 ਦੀ ਕਾਰਵਾਈ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਖਨੌਰੀ ਬਾਰਡਰ 'ਤੇ ਜ਼ਖ਼ਮੀ ਹੋਏ ਕਿਸਾਨ ਪ੍ਰਿਤਪਾਲ ਬਾਰੇ ਹਾਈਕੋਰਟ 'ਚ ਹਰਿਆਣਾ ਪੁਲਸ ਦਾ ਹੈਰਾਨੀਜਨਕ ਬਿਆਨ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਯੋਧਾ ਸਿੰਘ ਨੰਗਲਾ ਤੇ ਪਿੰਡ ਇਕਾਈ ਪ੍ਰਧਾਨ ਨਾਇਬ ਸਿੰਘ ਨਥੇਹਾ ਨੇ ਦੱਸਿਆ ਕਿ ਪਿੰਡ ਨਥੇਹਾ ਦਾ ਕਿਸਾਨ ਸਿਕੰਦਰ ਸਿੰਘ (55) ਪੁੱਤਰ ਸੁਖਦੇਵ ਸਿੰਘ 11 ਫਰਵਰੀ ਤੋਂ ਹੀ ਆਪਣੇ ਪਿੰਡ ਤੋਂ ਗਏ ਕਿਸਾਨੀ ਜਥੇ ਨਾਲ ਖਨੌਰੀ ਬਾਰਡਰ ’ਤੇ ਕਿਸਾਨੀ ਘੋਲ ਲਈ ਦਿੱਲੀ ਜਾਣ ਲਈ ਸੰਘਰਸ਼ ਕਰ ਰਿਹਾ ਸੀ, ਜਿਹੜਾ ਕਿ ਹਰਿਆਣਾ ਦੀ ਪੁਲਸ ਵੱਲੋਂ ਸੁੱਟੇ ਗਏ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲ਼ੀਆਂ ਦੀ ਲਪੇਟ ’ਚ ਵੀ ਆਇਆ ਹੋਇਆ ਸੀ ਤੇ 25 ਫਰਵਰੀ ਨੂੰ ਉਹ ਵਾਪਸ ਘਰ ਪਰਤਿਆ ਤਾਂ ਜਦੋਂ ਉਹ ਆਪਣੇ ਖੇਤ ਗੇੜਾ ਮਾਰਨ ਗਿਆ ਤਾਂ, ਉਸ ਦੀ ਉੱਥੇ ਹੀ ਮੌਤ ਹੋ ਗਈ।
ਇਸ ਦਾ ਪਤਾ ਜਦੋਂ ਲੋਕਾਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਤਲਵੰਡੀ ਸਾਬੋ ਦੇ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਕਿਸਾਨ ਆਗੂ ਨੇ ਦੱਸਿਆ ਕਿ ਖਨੌਰੀ ਬਾਰਡਰ ’ਤੇ ਚੱਲੇ ਗੈਸੀ ਗੋਲਿਆਂ ਨਾਲ ਉਸ ਦੀ ਸਿਹਤ ਖਰਾਬ ਹੋ ਚੁੱਕੀ ਸੀ ਤੇ ਘਰ ਆ ਕੇ ਉਸ ਨੂੰ ਸਾਹ ਵੀ ਬੜੀ ਮੁਸ਼ਕਿਲ ਨਾਲ ਹੀ ਆਉਂਦਾ ਸੀ, ਜਿਸ ਕਰ ਕੇ ਉਸ ਦੀ ਦਮ ਘੁੱਟਣ ਨਾਲ ਹੀ ਮੌਤ ਹੋ ਗਈ।
ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਪਿੰਡ ਦੇ ਸਰਪੰਚ ਜਗਸੀਰ ਸਿੰਘ ਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਖਨੌਰੀ ਬਾਰਡਰ ’ਤੇ ਪਿੰਡ ਦੇ ਕਿਸਾਨਾਂ ਨਾਲ ਸੰਘਰਸ਼ ’ਚ ਹਿੱਸਾ ਲੈਣ ਗਿਆ ਸੀ, ਉੱਥੋਂ ਸਰੀਰਕ ਹਾਲਤ ਖਰਾਬ ਹੋਣ ਕਰ ਕੇ ਘਰ ਆ ਕੇ ਉਸ ਦੀ ਮੌਤ ਹੋ ਗਈ, ਜਿਸ ਲਈ ਉਨ੍ਹਾਂ ਸਰਕਾਰ ਤੋਂ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਕਿਸਾਨ ਆਪਣੇ ਪਿੱਛੇ ਪਤਨੀ ਤੇ ਇਕ ਬੇਟਾ ਛੱਡ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੇ ਰਾਜਸਥਾਨ 'ਚ 16 ਥਾਵਾਂ 'ਤੇ NIA ਦੀ ਛਾਪੇਮਾਰੀ, ਹਿਰਾਸਤ 'ਚ ਲਏ 6 ਲੋਕ
ਸੀਗੋਂ ਚੌਕੀ ਦੇ ਏ. ਐੱਸ. ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਪਿੰਡ ਨਥੇਹਾ ਦੇ ਕਿਸਾਨ ਦੀ ਅਚਨਚੇਤ ਮੌਤ ਹੋ ਗਈ ਹੈ। ਭਾਵੇਂ ਇਸ ਦੇ ਕਾਰਨਾਂ ਦਾ ਕੋਈ ਠੋਸ ਪਤਾ ਨਹੀਂ ਲੱਗਿਆ ਪਰ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਰਿਪੋਰਟ ਆਵੇਗੀ। ਉਨ੍ਹਾਂ ਦੱਸਿਆ ਕਿ ਵਾਰਿਸਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਤਲਵੰਡੀ ਸਾਬੋ ਵਿਖੇ ਕਰਵਾਇਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8