ਪਾਣੀ ਦਾ ਪੱਧਰ ਵਧਣ ਕਾਰਨ ਲੁਧਿਆਣਾ ''ਚ ਇਕ ਹੋਰ ਪੁਲ ਟੁੱਟਾ, ਆਵਾਜਾਈ ਠੱਪ

Wednesday, Jul 12, 2023 - 04:56 AM (IST)

ਪਾਣੀ ਦਾ ਪੱਧਰ ਵਧਣ ਕਾਰਨ ਲੁਧਿਆਣਾ ''ਚ ਇਕ ਹੋਰ ਪੁਲ ਟੁੱਟਾ, ਆਵਾਜਾਈ ਠੱਪ

ਲੁਧਿਆਣਾ : ਪੰਜਾਬ ਅੰਦਰ ਲਗਾਤਾਰ ਬਾਰਿਸ਼ ਕਾਰਨ ਬਣੇ ਹੜ੍ਹ ਵਰਗੇ ਹਾਲਾਤ ਕਾਰਨ ਲੁਧਿਆਣਾ ਦੇ ਭੂਖੜੀ ਕਲਾਂ ’ਚ ਦੁਪਹਿਰ ਵੇਲੇ ਪੁਲ ਟੁੱਟਣ ਤੋਂ ਬਾਅਦ ਹੁਣ ਲੁਧਿਆਣਾ ਦੇ ਪਿੰਡ ਗੱਦੋਵਾਲ ਵਿੱਚ ਨਾਲੇ ’ਤੇ ਬਣਿਆ ਪੁਲ ਵੀ ਟੁੱਟਣਾ ਸ਼ੁਰੂ ਹੋ ਗਿਆ ਹੈ। ਡਰੇਨ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦਾ ਇਕ ਹਿੱਸਾ ਨੁਕਸਾਨਿਆ ਗਿਆ ਹੈ ਅਤੇ ਪੁਲ ’ਤੇ ਬਣੀ ਸੜਕ ਧਸ ਗਈ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਪੁਲ 'ਤੇ ਆਵਾਜਾਈ ਰੋਕ ਦਿੱਤੀ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਪੁਲ ਦੀ ਵਰਤੋਂ ਨਾ ਕਰਨ ਅਤੇ ਬਦਲਵਾਂ ਰਸਤਾ ਅਪਣਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਤਾਜਪੁਰ ਰੋਡ ਨਾਲ ਲੱਗਦੇ ਇਲਾਕੇ ’ਚ ਸਭ ਤੋਂ ਵੱਧ ਕਹਿਰ ਢਾਹ ਰਿਹੈ ਬੁੱਢਾ ਨਾਲਾ, ਹੜ੍ਹ ਵਰਗੇ ਬਣੇ ਹਾਲਾਤ

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਸੂਬੇ ਦੇ ਸਾਰੇ ਜਲਘਰਾਂ 'ਚ ਪਾਣੀ ਦੀ ਆਮਦ ਵੱਧ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੇ ਬੁੱਢਾ ਨਾਲਾ ਤੇ ਨਹਿਰਾਂ ਸਮੇਤ ਸਤਲੁਜ ਦਰਿਆ 'ਤੇ ਬਣੇ ਸਾਰੇ ਪੁਲਾਂ/ਪੁਲੀਆਂ 'ਤੇ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਵੀ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਕਿ ਸਬ-ਤਹਿਸੀਲ ਕੂੰਮ ਕਲਾਂ ਅਧੀਨ ਪੈਂਦੇ ਪਿੰਡ ਗੱਦੋਵਾਲ ਨੇੜੇ ਇਕ ਪੁਲੀ ਦਾ ਇਕ ਹਿੱਸਾ ਬੁੱਢਾ ਨਾਲੇ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਨੁਕਸਾਨਿਆ ਗਿਆ ਹੈ। ਪੀਡਬਲਯੂਡੀ (ਬੀ ਐਂਡ ਆਰ) ਨੂੰ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਪੁਲਸ ਨੇ ਵਾਹਨਾਂ ਦੀ ਆਵਾਜਾਈ ਲਈ ਪੁਲੀ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਸੜਕ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ ਲੜਕਾ, ਬਜ਼ੁਰਗ ਦਾਦਾ-ਦਾਦੀ ਦਾ ਹੈ ਇਕਲੌਤਾ ਸਹਾਰਾ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਪਹਿਲਾਂ ਹੀ ਆਪਣੀਆਂ ਟੀਮਾਂ ਨੂੰ ਤਿਆਰ ਰੱਖਣ ਲਈ ਕਿਹਾ ਗਿਆ ਹੈ ਅਤੇ ਪਾਵਰਕਾਮ ਨੂੰ ਲੋੜ ਪੈਣ 'ਤੇ ਪ੍ਰਸਤਾਵਿਤ ਰਾਹਤ ਕੇਂਦਰਾਂ ਨੂੰ ਬਿਜਲੀ ਸਪਲਾਈ ਕਰਨ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਮਲਿਕ ਨੇ ਕਿਹਾ ਕਿ ਗੋਤਾਖੋਰਾਂ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ 'ਤੇ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕੇ ਅਤੇ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਲੋਕਾਂ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News