ਪੰਜਾਬ ਕਾਂਗਰਸ ’ਚ ਇਕ ਹੋਰ ਧਮਾਕਾ, ਸਿੱਧੂ ਧੜੇ ਨੇ ਪ੍ਰਤਾਪ ਬਾਜਵਾ ਦੇ ਨਾਂ ਲਿਖਿਆ ਮਿਹਣਿਆਂ ਭਰਿਆ ਪੱਤਰ
Wednesday, Dec 20, 2023 - 08:08 PM (IST)
ਚੰਡੀਗੜ੍ਹ : ਪ੍ਰਤਾਪ ਸਿੰਘ ਬਾਜਵਾ ਵੱਲੋਂ ਨਵਜੋਤ ਸਿੱਧੂ ਨੂੰ ਵੱਖਰਾ ਅਖਾੜਾ ਨਾ ਲਗਾਉਣ ਦੀ ਦਿੱਤੀ ਨਸੀਹਤ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਕਲੇਸ਼ ਖੜ੍ਹਾ ਹੋ ਗਿਆ ਹੈ। ਨਵਜੋਤ ਸਿੱਧੂ ਧੜੇ ਦੇ ਆਗੂਆਂ ਨੇ ਪ੍ਰਤਾਪ ਬਾਜਵਾ ਨੂੰ ਮਿਹਣਿਆਂ ਭਰਿਆ ਪੱਤਰ ਲਿਖਿਆ ਹੈ। ਪ੍ਰਤਾਪ ਬਾਜਵਾ ਦੇ ਨਾਂ ਲਿਖੇ ਗਏ ਇਸ ਪੱਤਰ ਵਿਚ ਆਖਿਆ ਹੈ ਕਿ ‘ਅਸੀਂ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਇਹ ਪੁੱਛਣਾ ਚਾਹੁੰਦੇ ਹਾਂ ਕਿ ਨਾ ਸਾਨੂੰ ਅਤੇ ਨਾ ਹੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ 'ਚ ਸੱਦਿਆ ਜਾਂਦਾ ਹੈ ਅਤੇ ਜੇ ਅਸੀਂ ਕਾਂਗਰਸ ਦੀ ਬੇਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ ’ਤੇ ਰੈਲੀ ਰੱਖ ਕੇ 8 ਹਜ਼ਾਰ ਤੋਂ ਉੱਤੇ ਇਕੱਠ ਕੀਤਾ ਤਾਂ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉਂ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਐਨਕਾਊਂਟਰ ’ਚ ਮਾਰਿਆ ਗਿਆ ਗੈਂਗਸਟਰ ਅਮਰੀ, ਪੁਲਸ ਮੁਲਾਜ਼ਮ ਦੀ ਪੱਗ ’ਚੋਂ ਗੋਲ਼ੀ ਹੋਈ ਆਰ-ਪਾਰ
ਅਸੀਂ ਅਹੁਦੇਦਾਰ ਅਤੇ ਵਰਕਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਰੁੱਝੇ ਹੋਏ ਹਾਂ ਪਰ ਸਰਦਾਰ ਨਵਜੋਤ ਸਿੱਧੂ ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਵਿਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ ਅਤੇ ਅਸੀਂ ਪਾਰਟੀ ਨੂੰ ਉਨਾ ਹੀ ਪਿਆਰ ਅਤੇ ਸਤਿਕਾਰ ਦਿੰਦੇ ਹਾਂ ਜਿੰਨਾ ਤੁਸੀਂ। ਪਿਛਲੇ ਲਗਭਗ ਇਕ ਮਹੀਨੇ ਤੋਂ ਤੁਸੀਂ ਵਿਰੋਧੀ ਧਿਰ ਵੱਜੋਂ ਕੋਈ ਵੱਡਾ ਸਮਾਗਮ ਨਹੀਂ ਕੀਤਾ ਜਦਕਿ ਅਸੀਂ ਸਰਕਾਰ ਤੋਂ ਔਖੇ ਲੋਕਾਂ ਦੇ ਸਵਾਲ ਖੁੱਲ੍ਹੀ ਰੈਲੀ ਕਰਕੇ ਸਰਕਾਰ ਅੱਗੇ ਰੱਖੇ। ਅਸਲ ’ਚ ਦੁੱਖ ਇਸ ਗੱਲ ਦਾ ਹੈ ਕਿ ਵਰਕਰਾਂ ਨੂੰ ਮਾਣ ਸਤਿਕਾਰ ਅਤੇ ਨੁਮਾਇੰਦਗੀ ਨਹੀਂ ਮਿਲ ਰਹੀ ਅਤੇ ਜੇ ਕਿਸੇ ਸਿੱਧੂ ਵਰਗੇ ਲੀਡਰ ਨੇ ਵਰਕਰਾਂ ਦੀ ਬਾਂਹ ਫੜੀ ਹੈ ਤਾਂ ਕੁਝ ਲੀਡਰਾਂ ਨੂੰ ਇਹ ਗੱਲ ਚੁੱਭ ਕਿਉਂ ਰਹੀ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੱਧੂ ਅਤੇ ਸਾਧਾਰਨ ਵਰਕਰਾਂ ਨਾਲ ਪੱਖਪਾਤ ਨਹੀਂ ਕਰੇਗੀ। ਇਸ ਪੱਤਰ ਵਿਚ ਨਾਜਰ ਸਿੰਘ ਮਾਨਸ਼ਾਹੀਆ ਸਾਬਕਾ ਵਿਧਾਇਕ, ਰਾਜਿੰਦਰ ਸਿੰਘ ਸਮਾਣਾ, ਸਾਬਕਾ ਵਿਧਾਇਕ, ਮਹੇਸ਼ਇੰਦਰ ਸਿੰਘ, ਸਾਬਕਾ ਵਿਧਾਇਕ, ਰਾਮਿੰਦਰ ਆਮਲਾ ਸਾਬਕਾ ਵਿਧਾਇਕ, ਜਗਦੇਵ ਸਿੰਘ ਕਮਾਲੂ ਸਾਬਕਾ ਵਿਧਾਇਕ, ਵਿਜੈ ਕਾਲਰਾ ਹਲਕਾ ਇੰਚਾਰਝ ਗੁਰੂਹਰਸਹਾਏ, ਹਰਵਿੰਦਰ ਸਿੰਘ ਲਾਡੀ, ਹਲਕਾ ਇੰਚਾਰਜ ਬਠਿੰਡਾ ਦਿਹਾਤੀ ਰਾਜਬੀਰ ਸਿੰਘ ਰਾਜਾ ਰਾਮਪੁਰਾ ਫੂਲ, ਇੰਦਰਜੀਤ ਸਿੰਘ ਢਿੱਲੋਂ, ਰਾਮਪੁਰਾ ਫੂਲ ਕਾਂਗਰਸ ਦੇ ਹੋਰ ਵਰਕਰ ਅਤੇ ਸੀਨੀਅਰ ਲੀਡਰਾਂ ਦੇ ਹਸਤਾਖਰ ਹਨ।
ਇਹ ਵੀ ਪੜ੍ਹੋ : ਜੰਡਿਆਲਾ ਗੁਰੂ ’ਚ ਵੱਡਾ ਐਨਕਾਊਂਟਰ, ਮੋਸਟ ਵਾਂਟੇਡ ਗੈਂਗਸਟਰ ਪੁਲਸ ਨੇ ਕੀਤਾ ਢੇਰ
ਕੀ ਹੈ ਮਾਮਲਾ
ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੂੰ ਵਖ਼ਰਾ ਅਖਾੜਾ (ਆਪਣੇ ਪੱਧਰ ’ਤੇ ਕਾਂਗਸੀਆਂ ਨੂੰ ਨਾ ਮਿਲਣ) ਨਾ ਲਗਾਉਣ ਦੀ ਨਸੀਹਤ ਦਿੱਤੀ ਸੀ। ਸਿੱਧੂ ਨੂੰ ਨਸੀਹਤ ਦਿੰਦੇ ਹੋਏ ਪ੍ਰਤਾਪ ਬਾਜਵਾ ਨੇ ਕਿਹਾ ਕਿ ਉਹ ਇਕ ਮੰਚ ’ਤੇ ਆਉਣ ਅਤੇ ਵੱਖਰਾ ਅਖਾੜਾ ਨਾ ਲਾਉਣ। ਬਾਜਵਾ ਨੇ ਕਿਹਾ ਕਿ ਸਿੱਧੂ ਸਾਹਿਬ ਵੱਖਰਾ ਅਖਾੜਾ ਲਗਾਉਣਾ ਬੰਦ ਕਰੋ ਜੇ ਪਾਰਟੀ ਨੇ ਤੁਹਾਨੂੰ ਇੱਜ਼ਤ ਮਾਨ ਦੇ ਦਿੱਤਾ ਹੈ, ਉਸ ਨੂੰ ਪਚਾਓ ਅਤੇ ਅਜਿਹਾ ਕੰਮ ਨਾ ਕਰੋ। ਪਹਿਲਾਂ ਦੀ ਜਦੋਂ ਤੁਸੀਂ ਪ੍ਰਧਾਨ ਸੀ ਤਾਂ ਸੀਟਾਂ 78 ਤੋਂ 18 ’ਤੇ ਲੈ ਆਏ ਹੋ। ਬਾਜਵਾ ਨੇ ਸਿੱਧੂ ਨੂੰ ਕਿਹਾ ਕਿ ਹੋਰ ਕੀ ਚਾਹੁੰਦੇ ਹੋ। ਚੁੱਪ ਹੋ ਕੇ ਪਾਰਟੀ ਦੇ ਕੈਡਰ ਨਾਲ ਚੱਲੋ, ਪਾਰਟੀ ਦੀਆਂ ਸਟੇਜਾ ’ਤੇ ਆਓ। ਬਾਜਵਾ ਨੇ ਕਿਹਾ ਕਿ ਦੋ ਦਿਨ ਬਾਅਦ ਪਾਰਟੀ ਦੇ ਧਰਨੇ ਜਗਰਾਓਂ ਅਤੇ ਫਗਵਾੜਾ ਵਿਚ ਹਨ। ਉਥੇ ਆਉਣ ਅਤੇ ਬੋਲਣ, ਪੰਜਾਬ ਦਾ ਕੋਈ ਕਾਂਗਰਸੀ ਇਸ ਨੂੰ ਚੰਗਾ ਨਹੀਂ ਸਮਝਦਾ ਅਤੇ ਸਿੱਧੂ ਸਾਹਿਬ ਨੂੰ ਸਲਾਹ ਦੇਣ ਵਾਲੇ ਵੀ ਇਸ ਨੂੰ ਗਲਤ ਹੀ ਦੱਸਦੇ ਹੋਣਗੇ। ਬਾਜਵਾ ਨੇ ਕਿਹਾ ਕਿ ਇਹ ਪਾਰਟੀ ਦਾ ਮੰਚ ਹੈ ਅਤੇ ਸਾਰੇ ਕਾਂਗਰਸੀਆਂ ਲਈ ਹੈ ਪਰ ਫਿਰ ਵੀ ਉਹ ਉਨ੍ਹਾਂ ਨੂੰ ਸੱਦਾ ਦਿੰਦੇ ਹਨ। ਬਾਜਵਾ ਨੇ ਕਿਹਾ ਕਿ 21 ਅਤੇ 22 ਤਾਰੀਖ਼ ਨੂੰ ਪੰਜਾਬ ਸਰਕਾਰ ਖ਼ਿਲਾਫ਼ ਲੱਗ ਰਹੇ ਧਰਨਾ ਵਿਚ ਆਓ ਅਤੇ ਆਪਣੀ ਗੱਲ ਰੱਖੋ।
ਇਹ ਵੀ ਪੜ੍ਹੋ : ਜੇਲ੍ਹ ’ਚ ਹੋਈਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਆਂ ਨੂੰ ਲੈ ਕੇ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8