ਪੰਜਾਬ 'ਚ ਮੁੜ ਲੱਗਣਗੇ ਵਿਰਾਸਤੀ ਮੇਲੇ ਤੇ ਛਿੰਝਾਂ, ਵੀਡੀਓ 'ਚ ਸੁਣੋ ਮੰਤਰੀ ਅਨਮੋਲ ਗਗਨ ਮਾਨ ਦੇ ਵੱਡੇ ਐਲਾਨ

Sunday, Jun 11, 2023 - 06:28 PM (IST)

ਪੰਜਾਬ 'ਚ ਮੁੜ ਲੱਗਣਗੇ ਵਿਰਾਸਤੀ ਮੇਲੇ ਤੇ ਛਿੰਝਾਂ, ਵੀਡੀਓ 'ਚ ਸੁਣੋ ਮੰਤਰੀ ਅਨਮੋਲ ਗਗਨ ਮਾਨ ਦੇ ਵੱਡੇ ਐਲਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਬਾਰੇ ਦੇਸ਼- ਦੁਨੀਆਂ ਨੂੰ ਜਾਣੂੰ ਕਰਵਾਉਣ, ਸੂਬੇ 'ਚ ਸੈਰ-ਸਪਾਟਾ ਖੇਤਰ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਹੁਣ ਪੰਜਾਬ ਸਰਕਾਰ ਇੱਥੋਂ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰਕ ਮਹੱਤਤਾ ਨੂੰ ਉਜਾਗਰ ਕਰਨ ਲਈ ਵਿਰਾਸਤੀ ਮੇਲਿਆਂ ਦਾ ਧੂਮ-ਧਾਮ ਨਾਲ ਆਯੋਜਨ ਕਰੇਗੀ। ਇਹ ਜਾਣਕਾਰੀ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਐਤਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸਵਾਰਤਾ ਦੌਰਾਨ ਸਾਂਝੀ ਕੀਤੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਤੋਂ ਦੁਨੀਆ ਨੂੰ ਜਾਣੂੰ ਕਰਵਾਉਣ, ਸੂਬੇ ਵਿੱਚ ਸੈਰ-ਸਪਾਟਾ ਖੇਤਰ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕਰਨ ਲਈ ਸੂਬੇ ਵਿੱਚ ਸਾਲ ਭਰ ਵਿਰਾਸਤੀ ਮੇਲਿਆਂ ਅਤੇ ਤਿਉਹਾਰਾਂ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਲਈ ਸੂਬਾ ਸਰਕਾਰ ਵਲੋਂ ਸੈਰ-ਸਪਾਟਾ ਖੇਤਰ 'ਚ ਨਵੀਆਂ ਪਹਿਲ ਕਦਮੀਆਂ ਉਲੀਕੀਆਂ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ, ਪੈਟਰੋਲ-ਡੀਜ਼ਲ ਹੋਇਆ ਮਹਿੰਗਾ

ਮੰਤਰੀ ਨੇ ਦੱਸਿਆ ਕਿ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਦੇ 'ਟੀਚੇ ਨਾਲ ਸੂਬੇ ਵਿੱਚ ਸਾਲ ਭਰ 22 ਮੇਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਫੈਸਟੀਵਲ, ਫਿਰੋਜ਼ਪੁਰ ਵਿਖੇ ਬਸੰਤ ਫੈਸਟੀਵਲ, ਜਨਵਰੀ ਵਿਚ ਕਪੂਰਥਲਾ ਹੈਰੀਟੇਜ ਫੈਸਟੀਵਲ ਹੋਵੇਗਾ। ਇਸ ਤੋਂ ਇਲਾਵਾ ਤੋਂ ਲੁਧਿਆਣਾ ਵਿਖੇ ਕਿਲਾ ਰਾਏਪੁਰ ਦਿਹਾਤੀ ਓਲੰਪਿਕ ਹੋਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ 'ਚ ਵਿਰਾਸਤੀ ਮੇਲਾ ਅਤੇ ਵਿਸਾਖੀ ਮੇਲਾ, ਮਾਰਚ 'ਚ ਪਟਿਆਲਾ 'ਚ ਹੈਰੀਟੇਜ ਫੈਸਟੀਵਲ, ਮਾਰਚ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੋਹਲਾ, ਅਗਸਤ ਵਿੱਚ ਸੰਗਰੂਰ ਵਿਖੇ ਤੀਆਂ ਦਾ ਮੇਲਾ, ਸਤੰਬਰ ਵਿੱਚ ਐੱਸ. ਬੀ. ਐੱਸ. ਨਗਰ ਵਿਖੇ ਇਨਕਲਾਬ ਫੈਸਟੀਵਲ, ਮਾਨਸਾ ਵਿਖੇ ਮਾਲਵਾ ਦੇ ਸੱਭਿਆਚਾਰ ਅਤੇ ਪਕਵਾਨਾਂ ਨੂੰ ਉਜਾਗਰ ਕਰਨ ਵਾਲਾ ਦੂਨ ਫੈਸਟੀਵਲ, ਫਾਜ਼ਿਲਕਾ ਵਿਖੇ ਪੰਜਾਬ ਹੈਂਡੀਕ੍ਰਾਫਟ ਫੈਸਟੀਵਲ, ਨਵੰਬਰ ਵਿੱਚ ਜਲੰਧਰ ਵਿਖੇ ਘੋੜਸਵਾਰ ਮੇਲਾ, ਚੰਡੀਗੜ੍ਹ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ, ਪਠਾਨਕੋਟ ਵਿਖੇ ਦਰਿਆਵਾਂ ਦਾ ਮੇਲਾ, ਮਾਲੇਰਕੋਟਲਾ ਵਿਖੇ ਸੂਫੀ ਫੈਸਟੀਵਲ ਆਦਿ ਮੇਲੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਉਜਾਗਰ ਕਰਨਗੇ।

ਇਹ ਵੀ ਪੜ੍ਹੋ : ਲੁਧਿਆਣਾ 'ਚ 7 ਕਰੋੜ ਦੀ ਲੁੱਟ ਦੀ Exclusive ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਫ਼ਰਾਰ ਹੋਏ ਲੁਟੇਰੇ

ਮੰਤਰੀ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ 'ਨਿਹੰਗ ਓਲੰਪਿਕ' ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤਰਨਤਾਰਨ 'ਚ ਦਾਰਾ ਸਿੰਘ ਛਿੰਝ ਓਲੰਪਿਕ ਦੀ ਸ਼ੁਰੂਆਤ ਹੋਵੇਗੀ, ਜਿਸ ਵਿੱਚ ਜੇਤੂ ਨੂੰ ਸੂਬਾ ਸਰਕਾਰ ਵੱਲੋ ਕੈਸ਼ ਇਨਾਮ ਤੇ ਰੁਸਤਮੇ-ਏ-ਪੰਜਾਬ ਦਾ ਖਿਤਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੋਪੜ ਅਤੇ ਪਠਾਨਕੋਟ ਵਿੱਚ ਸਾਲਾਨਾ ਐਡਵੇਂਚਰ ਸਪੋਰਟਸ ਵੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿੱਚ ਪਹਿਲਾ 'ਸਰਦਾਰ ਹਰੀ ਸਿੰਘ ਨਲਵਾ ਜੋਸ਼ ਫੈਸਟੀਵਲ ਸ਼ੂਰੂ ਕੀਤਾ ਜਾਵੇਗਾ, ਜੋ ਕਿ ਪੰਜਾਬੀਆਂ ਦੀ ਬਹਾਦਰੀ ਨੂੰ ਉਜਾਗਰ ਕਰੇਗਾ। ਮੰਤਰੀ ਨੇ ਦੱਸਿਆ ਕਿ ਜਨਵਰੀ ਵਿਚ ਅੰਮ੍ਰਿਤਸਰ ਵਿਖੇ 'ਰੰਗਲਾ ਪੰਜਾਬ' ਤਿਉਹਾਰ ਹੋਵੇਗਾ, ਜਿਸ ਵਿਚ ਪੰਜਾਬੀ ਸੱਭਿਆਚਾਰ ਦੇ ਸਾਰੇ ਪਹਿਲੂਆਂ ਨੂੰ ਇੱਕ ਥਾਂ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮਸਾਜ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਕੁੜੀਆਂ ਦਿਖਾ ਪੈਸੇ ਲੈਣ ਲੱਗੀ ਮੈਨੇਜਰ ਤਾਂ...

ਇਸ ਵਿੱਚ ਉੱਘੇ ਨਾਵਲਕਾਰ ਅਤੇ ਕਵੀ ਹਿੱਸਾ ਲੈਣਗੇ। ਪੰਜਾਬ ਦੇ ਸੁਆਦਲੇ ਪਕਵਾਨ ਮੁਕਾਬਲੇ ਕਰਵਾਏ ਜਾਣਗੇ। ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਰੰਗਾ-ਰੰਗ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਪੰਜਾਬ ਦੀ ਕਲਾ ਅਤੇ ਸ਼ਿਲਪਕਾਰੀ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਮੋਹਾਲੀ ਵਿਖੇ ਸੈਰ-ਸਪਾਟਾ ਸੰਮੇਲਨ ਅਤੇ ਪੰਜਾਬ ਟਰੈਵਲ ਮਾਰਟ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸੰਚਾਲਕ ਸੋਨਾਲੀ ਗਿਰੀ ਅਤੇ ਹੋਰ ਉੱਘੇ ਪਤਵੰਤਿਆਂ ਸਮੇਤ ਅਧਿਕਾਰੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News