ਦੁਧਾਰੂਆਂ ਨੂੰ ਗਰਮੀ ਤੋਂ ਬਚਾਉਣ ਦੇ ਉਪਰਾਲੇ ਕਰਨ ਪਸ਼ੂ ਪਾਲਕ : ਡਾ. ਸਰਬਜੀਤ ਸਿੰਘ

Thursday, Apr 05, 2018 - 03:31 AM (IST)

ਦੁਧਾਰੂਆਂ ਨੂੰ ਗਰਮੀ ਤੋਂ ਬਚਾਉਣ ਦੇ ਉਪਰਾਲੇ ਕਰਨ ਪਸ਼ੂ ਪਾਲਕ : ਡਾ. ਸਰਬਜੀਤ ਸਿੰਘ

ਬਟਾਲਾ,   (ਬੇਰੀ, ਜ.ਬ.)-  ਗਰਮੀ ਦੀ ਰੁੱਤ ਆ ਰਹੀ ਹੈ, ਇਸ ਲਈ ਦੁਧਾਰੂਆਂ ਨੂੰ ਇਸ ਤੋਂ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਵੱਧ ਰਹੇ ਤਾਪਮਾਨ ਕਾਰਨ ਦੁਧਾਰੂ ਪਸ਼ੂ ਖੁਰਾਕ ਖਾਣੀ ਘਟਾ ਦਿੰਦੇ ਹਨ। ਇਸ ਕਰ ਕੇ ਉਨ੍ਹਾਂ ਦੀ ਖੁਰਾਕ 'ਚ ਪ੍ਰੋਟੀਨ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ ਜੋ ਕਿ ਤੇਲ ਬੀਜ ਫਸਲਾਂ ਦੀ ਖਲ ਨਾਲ 5-7 ਫੀਸਦੀ ਤੱਕ ਵੱਧ ਜਾਂਦੀ ਹੈ। ਗਰਮੀ ਦੇ ਮੌਸਮ ਦੇ ਮੱਦੇਨਜ਼ਰ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਤਕਨੀਕੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਵੈਟਰਨਰੀ ਅਫ਼ਸਰ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਦੁਧਾਰੂ ਪਸ਼ੂਆਂ 'ਚ ਹੀਟ ਦੇ ਲੱਛਣ ਵੇਖਣੇ ਚਾਹੀਦੇ ਹਨ ਤੇ ਲੱਛਣਾਂ ਦੇ ਨਜ਼ਰ ਆਉਣ 'ਤੇ ਪਸ਼ੂਆਂ ਨੂੰ 12-18 ਘੰਟਿਆਂ 'ਚ ਇਨਸੈਮੀਨੇਸ਼ਨ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਛੜਿਆਂ ਦੀ ਸਾਂਭ-ਸੰਭਾਲ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਜੇਰ ਪੈਣ ਦੀ ਉਡੀਕ ਕੀਤੇ ਬਿਨਾਂ ਜਨਮ ਦੇ 1-2 ਘੰਟਿਆਂ ਵਿਚਕਾਰ ਗਾਂ ਦਾ ਦੁੱਧ ਬੱਚੇ ਨੂੰ ਦੇਣਾ ਚਾਹੀਦਾ ਹੈ। ਚਿੱਚੜਾਂ ਤੋਂ ਬਚਾਅ ਲਈ ਪਸ਼ੂਆਂ ਦੇ ਚਾਰੇ ਤੇ ਜਗ੍ਹਾ ਨੂੰ 5 ਫੀਸਦੀ ਮੈਲਾਥੀਆਨ ਦਾ ਛਿੜਕਾਅ ਕਰਦੇ ਰਹਿਣਾ ਚਾਹੀਦਾ ਹੈ। ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਖੁਰਲੀ, ਖੁਰਾਕ, ਪੱਠੇ ਤੇ ਪਾਣੀ ਨੂੰ ਜ਼ਹਿਰਾਂ ਤੋਂ ਬਚਾਉਣਾ ਚਾਹੀਦਾ ਹੈ। ਪਸ਼ੂਆਂ ਨੂੰ ਸਾਫ-ਸੁਥਰਾ ਰੱਖਣਾ ਚਾਹੀਦਾ ਹੈ। ਮੂੰਹ ਖੁਰ ਦੀ ਬੀਮਾਰੀ ਲਈ ਪਸ਼ੂਆਂ ਦਾ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ। ਜੇਕਰ ਨਹੀਂ ਕਰਵਾਇਆ ਤਾਂ ਇਸ ਨੂੰ ਤੁਰੰਤ ਕਰਵਾ ਲੈਣਾ ਚਾਹੀਦਾ ਹੈ। ਟੀਕਾਕਰਨ ਦਾ ਰਿਕਾਰਡ ਰੱਖਣਾ ਚਾਹੀਦਾ ਹੈ ਤੇ 6 ਮਹੀਨਿਆਂ ਬਾਅਦ ਦੁਬਾਰਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਧਾਰੂ ਪਸ਼ੂਆਂ ਨੂੰ ਜ਼ਿਆਦਾ ਮਾਤਰਾ 'ਚ ਕਣਕ ਜਾਂ ਅਨਾਜ ਨਹੀਂ ਦੇਣਾ ਚਾਹੀਦਾ, ਇਹ ਜਾਨ-ਲੇਵਾ ਹੋ ਸਕਦਾ ਹੈ।


Related News