ਆਂਗਣਵਾੜੀ ਵਰਕਰਾਂ ਨੇ ਸਰਕਾਰ ਦਾ ਪੁਤਲਾ ਤੇ ਬਜਟ ਦੀਆਂ ਕਾਪੀਆਂ ਫੂਕੀਆਂ
Tuesday, Mar 27, 2018 - 12:32 AM (IST)

ਗੁਰਦਾਸਪੁਰ, (ਹਰਮਨਪ੍ਰੀਤ ਸਿੰਘ, ਦੀਪਕ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਵਰਕਰਾਂ ਨੇ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਸਥਾਨਕ ਗੁਰੂ ਨਾਨਕ ਪਾਰਕ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਅਤੇ ਬਜਟ ਦੀਆਂ ਕਾਪੀਆਂ ਫ਼ੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਵਰਕਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਦੀ ਸਰਕਾਰ ਸੱਤਾ 'ਚ ਆਈ ਹੈ, ਉਦੋਂ ਤੋਂ ਆਂਗਣਵਾੜੀ ਵਰਕਰਾਂ ਦੀਆਂ ਸਮੱਸਿਆਵਾਂ ਵਿਚ ਹੋਰ ਵਾਧਾ ਹੋਇਆ ਹੈ, ਜਿਸ ਦੇ ਸਿੱਟੇ ਵਜੋਂ ਆਂਗਣਵਾੜੀ ਵਰਕਰਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਜ਼ ਅਤੇ ਹੈਪਲਰਜ਼ ਨੂੰ ਹਰਿਆਣਾ ਪੈਟਰਨ ਅਨੁਸਾਰ ਕੁਸ਼ਲ ਅਤੇ ਅਰਧ ਕੁਸ਼ਲ ਦਰਜਾ ਦੇ ਕੇ ਕ੍ਰਮਵਾਰ 11439 ਰੁਪਏ ਅਤੇ 5750 ਰੁਪਏ ਹੈਲਪਰ ਨੂੰ ਤਨਖ਼ਾਹ ਦਿੱਤੀ ਜਾਵੇ। ਇਸ ਦੇ ਨਾਲ ਹੀ 26 ਨਵੰਬਰ 2017 ਨੂੰ ਸਿੱਖਿਆ ਵਿਭਾਗ ਅਤੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕੀਤੇ ਫ਼ੈਸਲੇ ਨੂੰ ਲਾਗੂ ਕੀਤਾ ਜਾਵੇ ਅਤੇ ਨਾਲ ਹੀ 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰ 'ਚ ਹੀ ਯਕੀਨੀ ਬਣਾ ਕੇ ਪ੍ਰੀ-ਪ੍ਰਾਇਮਰੀ ਸਿੱਖਿਆ ਲਾਜ਼ਮੀ ਬਣਾਈ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਆਂਗਣਵਾੜੀ ਕੇਂਦਰਾਂ 'ਚ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਆਈ. ਜੀ. ਡੀ. ਐੱਸ. ਸਕੀਮ ਨੂੰ ਵਿਭਾਗ ਬਣਾ ਕੇ ਆਂਗਣਵਾੜੀ ਵਰਕਰ ਅਤੇ ਹੈਲਪਰ ਨੂੰ ਸਰਕਾਰੀ ਮੁਲਾਜ਼ਮ ਮੰਨਦੇ ਹੋਏ ਦਰਜਾ ਤਿੰਨ ਅਤੇ ਦਰਜਾ ਚਾਰ ਦਿੱਤਾ ਜਾਵੇ, ਕਰਮਚਾਰੀ ਬਣਨ ਤੱਕ ਘੱਟੋ ਘੱਟ ਉਜਰਤ ਦੇ ਘੇਰੇ ਵਿਚ ਸ਼ਾਮਲ ਕਰ ਕੇ 18 ਹਜ਼ਾਰ ਵਰਕਰਾਂ ਅਤੇ 15 ਹਜ਼ਾਰ ਹੈਲਪਰਾਂ ਨੂੰ ਉਜਰਤ ਦਿੱਤੀ ਜਾਵੇ, ਮਹੀਨੇਵਾਰ ਦਿੱਤਾ ਜਾਣ ਵਾਲਾ ਭੱਤਾ ਯਕੀਨੀ ਬਣਾਇਆ ਜਾਵੇ, ਕਿਰਾਏ ਦੀਆਂ ਬਿਲਡਿੰਗਾਂ ਵਿਚ ਚੱਲ ਰਹੇ ਆਂਗਣਵਾੜੀ ਕੇਂਦਰਾਂ ਦਾ ਪਿਛਲੇ 2 ਸਾਲ ਦਾ ਕਿਰਾਇਆ ਦੇ ਕੇ ਅੱਗੇ ਤੋਂ ਕਿਰਾਇਆ ਮਹੀਨੇਵਾਰ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਆਗੂਆਂ ਨੇ ਸਾਫ਼-ਸੁਥਰੀ ਬਿਲਡਿੰਗ, ਪੀਣ ਵਾਲੇ ਪਾਣੀ ਅਤੇ ਬਿਜਲੀ ਦਾ ਪ੍ਰਬੰਧ ਕਰਨ ਤੋਂ ਇਲਾਵਾ ਐਡਵਾਈਜ਼ਰੀ ਬੋਰਡ ਅਤੇ ਚਾਈਲਡ ਵੈੱਲਫੇਅਰ ਅਧੀਨ ਚੱਲਦੇ ਪ੍ਰਾਜੈਕਟਾਂ ਨੂੰ ਮੁੜ ਆਈ. ਸੀ. ਡੀ. ਐੱਸ. ਸਕੀਮ ਅਧੀਨ ਲਿਆਉਣ ਦਾ ਮੁੱਦਾ ਵੀ ਉਠਾਇਆ। ਧਰਨੇ ਵਿਚ ਜ਼ਿਲਾ ਪ੍ਰਧਾਨ ਵਰਿੰਦਰ ਕੌਰ ਖੰਨਾ, ਅੰਮ੍ਰਿਤਪਾਲ ਕੌਰ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ, ਪਲਵਿੰਦਰ ਕੌਰ ਮੀਤ ਪ੍ਰਧਾਨ ਡੇਰਾ ਬਾਬਾ ਨਾਨਕ, ਸੁਖਬੀਰ ਕੌਰ ਬਲਾਕ ਪ੍ਰਧਾਨ ਕਲਾਨੌਰ, ਇੰਦਰਜੀਤ ਕੌਰ ਮੀਤ ਪ੍ਰਧਾਨ ਫ਼ਤਿਹਗੜ੍ਹ ਚੂੜੀਆਂ, ਪ੍ਰੇਮ ਬਲਾਕ ਪ੍ਰਧਾਨ ਦੀਨਾਨਗਰ ਆਦਿ ਹਾਜ਼ਰ ਸਨ।