ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੰਗਾਂ ਸਬੰਧੀ ਲਾਇਆ ਧਰਨਾ, ਕਾਂਗਰਸੀ ਆਗੂ ਢਿੱਲੋਂ ਨੂੰ ਸੌਂਪਿਆ ਮੰਗ ਪੱਤਰ

08/03/2021 4:55:10 PM

ਮਾਛੀਵਾੜਾ ਸਾਹਿਬ (ਟੱਕਰ) : ਬਾਲ ਵਿਕਾਸ ਅਤੇ ਪ੍ਰੋਜੈਕਟ ਅਫ਼ਸਰ ਦਫ਼ਤਰ ਵਿਖੇ ਆਂਗਣਵਾੜੀ ਵਰਕਰ ਮੁਲਾਜ਼ਮ ਯੂਨੀਅਨ ਸੀਟੂ ਪੰਜਾਬ ਬਲਾਕ ਮਾਛੀਵਾੜਾ ਦੀ ਪ੍ਰਧਾਨ ਚਰਨਜੀਤ ਕੌਰ ਪੂੰਨੀਆਂ ਅਤੇ ਕੁਲਵੰਤ ਕੌਰ ਨੀਲੋਂ ਦੀ ਅਗਵਾਈ ਵਿਚ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੂੰਨੀਆਂ ਅਤੇ ਨੀਲੋਂ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਦਫ਼ਤਰ ਵਿਚ ਖਾਲੀ ਪੋਸਟਾਂ ਕਾਰਣ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਾਣ-ਭੱਤਾ ਨਹੀਂ ਮਿਲਿਆ, ਜਿਸ ਕਾਰਨ ਸਾਰੇ ਹੀ ਕਰਮਚਾਰੀ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਦਫ਼ਤਰ ’ਚ ਸੀ. ਡੀ. ਪੀ. ਓ., 5 ਸੁਪਰਵਾਈਜ਼ਰ, ਕਲਰਕ, ਸੇਵਾਦਾਰ, ਡਰਾਈਵਰ ਦੀਆਂ ਪੋਸਟਾਂ ਖ਼ਾਲੀ ਹਨ, ਜਿਸ ਕਾਰਨ ਸਾਰਾ ਕੰਮਕਾਰ ਠੱਪ ਪਿਆ ਹੈ।

ਸੀਟੂ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਨੇ ਕਿਹਾ ਕਿ ਮਾਣ-ਭੱਤਾ ਨਾ ਮਿਲਣ ਕਾਰਨ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਆਪਣਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋਇਆ ਪਿਆ ਹੈ। ਆਗੂਆਂ ਨੇ ਮੰਗ ਕੀਤੀ ਗਈ ਕਿ ਕਰਮਚਾਰੀਆਂ ਦਾ ਭੱਤਾ ਜਲਦੀ ਤੋਂ ਜਲਦੀ ਦਿਵਾਇਆ ਜਾਵੇ। ਇਸ ਸਬੰਧੀ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਕਾਂਗਰਸੀ ਆਗੂ ਕਰਨਵੀਰ ਸਿੰਘ ਢਿੱਲੋਂ ਨੂੰ ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ’ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਸਾਰੀਆਂ ਮੰਗਾਂ ਜਲਦ ਪ੍ਰਵਾਨ ਕਰ ਲਈਆਂ ਜਾਣਗੀਆਂ। ਇਸ ਮੌਕੇ ਮਨਜੀਤ ਕੌਰ ਸੈਸੋਂਵਾਲ, ਪਰਮਜੀਤ ਕੌਰ ਮੁਸ਼ਕਾਬਾਦ, ਪੁਸ਼ਪਾ ਰਾਣੀ, ਸਰਬਜੀਤ ਕੌਰ, ਅਵਤਾਰ ਕੌਰ, ਕੁਲਵਿੰਦਰ ਕੌਰ ਭੰਗੂ, ਪਰਮਜੀਤ ਕੌਰ ਬੈਰਸਾਲ, ਨੀਨਾ ਰਾਣੀ, ਗੁਰਮੀਤ ਕੌਰ ਰੋਹਲਾ, ਹਰਦੀਪ ਕੌਰ ਬੌਦਲੀ, ਹਰਪਾਲ ਕੌਰ, ਬਲਵੀਰ ਕੌਰ, ਨਿਰਮਲਜੀਤ ਕੌਰ, ਸੁਖਦੇਵ ਕੌਰ, ਮਨਜਿੰਦਰ ਕੌਰ, ਕਿਰਨ ਰਾਣੀ, ਹੈਲਪਰ ਗੁਰਪ੍ਰੀਤ ਕੌਰ, ਨੀਲਮ ਰਾਣੀ, ਕਰਨੈਲ ਕੌਰ, ਚਰਨ ਕੌਰ, ਰਾਣੀ ਆਦਿ ਹਾਜ਼ਰ ਸਨ।
 


Babita

Content Editor

Related News