ਕਾਲੇ ਝੰਡੇ ਲੈ ਕੇ ਪੰਜਾਬ ਸਰਕਾਰ ਖਿਲਾਫ ਨਿੱਤਰੀਆਂ ਆਂਗਣਵਾੜੀ ਵਰਕਰਾਂ

Monday, Mar 05, 2018 - 12:30 AM (IST)

ਕਾਲੇ ਝੰਡੇ ਲੈ ਕੇ ਪੰਜਾਬ ਸਰਕਾਰ ਖਿਲਾਫ ਨਿੱਤਰੀਆਂ ਆਂਗਣਵਾੜੀ ਵਰਕਰਾਂ

ਮਾਲੇਰਕੋਟਲਾ, (ਜ਼ਹੂਰ, ਸ਼ਹਾਬੂਦੀਨ)— ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਰੈਸਟ ਹਾਊਸ ਸਾਹਮਣੇ ਪੰਜਾਬ ਸਰਕਾਰ, ਵਿੱਤ ਮੰਤਰੀ ਅਤੇ ਸਮਾਜਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਖਿਲਾਫ ਕਾਲੀਆਂ ਝੰਡੀਆਂ ਨਾਲ ਧਰਨਾ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਕੌਰ ਭੁੱਲਰਾਂ, ਕਮਲੇਸ਼ ਰਾਣੀ, ਗਗਨਦੀਪ ਕੌਰ ਗਿੱਦੜਬਾਹਾ, ਬਲਜੀਤ ਕੌਰ ਸੰਗਰੂਰ, ਲਖਬੀਰ ਕੌਰ ਮਾਲੇਰਕੋਟਲਾ ਨੇ ਕਿਹਾ ਕਿ ਸਰਕਾਰ ਆਂਗਣਵਾੜੀ ਮੁਲਾਜ਼ਮਾਂ ਨੂੰ ਔਰਤਾਂ ਸਮਝ ਕੇ ਮੰਗਾਂ ਨੂੰ ਅੱਖੋਂ ਓਹਲੇ ਨਾ ਕਰੇ । ਉਨ੍ਹਾਂ ਕਿਹਾ ਕਿ ਸੂਬੇ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਰੋਜ਼ੀ-ਰੋਟੀ ਲਈ ਅੱਜ ਪੰਜਾਬ ਭਰ 'ਚੋਂ ਵਹੀਰਾਂ ਘੱਤ ਕੇ ਹਜ਼ਾਰਾਂ ਦੀ ਗਿਣਤੀ 'ਚ ਆਈਆਂ ਹਨ। ਖਜ਼ਾਨਾ ਮੰਤਰੀ ਆਂਗਣਵਾੜੀ ਕੇਂਦਰਾਂ ਦੇ 100 ਕਰੋੜ ਰੁਪਏ ਦੇ ਬਿੱਲ ਪਾਸ ਨਹੀਂ ਕਰ ਰਹੇ ਬਲਕਿ ਯੂਨੀਅਨ ਦੀਆਂ ਆਗੂਆਂ ਨਾਲ ਮਾੜਾ ਵਰਤਾਓ ਕਰ ਰਹੇ ਹਨ।
ਇਸ ਮੌਕੇ ਬਲਬੀਰ ਕੌਰ ਮਾਨਸਾ, ਬਲਜੀਤ ਕੌਰ ਪੇਧਨੀ, ਦਲਜੀਤ ਕੌਰ ਬਰਨਾਲਾ, ਸ਼ਿੰਦਰਪਾਲ ਕੌਰ ਭਗਤਾ, ਮਹਿੰਦਰ ਕੌਰ ਪੱਤੋ, ਰੇਸ਼ਮਾ ਰਾਣੀ ਫਾਜ਼ਿਲਕਾ, ਕ੍ਰਿਸ਼ਨਾ ਦੇਵੀ ਔਲਖ, ਸ਼ੀਲਾ, ਕੁਲਜੀਤ ਕੌਰ ਗੁਰੂਹਰਸਹਾਇ, ਜਸਬੀਰ ਕੌਰ ਬਠਿੰਡਾ, ਅੰਮ੍ਰਿਤ ਕੌਰ ਬੱਲੂਆਣਾ, ਰਣਇੰਦਰ ਕੌਰ ਮੋੜ, ਜਸਵੰਤ ਕੌਰ ਭਿੱਖੀ, ਹਰਮੇਸ਼ ਕੌਰ ਲਹਿਰਾਗਾਗਾ ਅਤੇ ਸ਼ਿੰਦਰਪਾਲ ਕੌਰ ਜਲਾਲਾਬਾਦ ਹਾਜ਼ਰ ਸਨ।
ਵਫਦ ਨੇ ਮੰਤਰੀ ਨਾਲ ਕੀਤੀ ਮੁਲਾਕਾਤ
ਇਸ ਤੋਂ ਪਹਿਲਾਂ ਸੀ. ਡੀ. ਪੀ. ਓ. ਪਵਨ ਕੁਮਾਰ ਨੇ ਸਮਾਜਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨਾਲ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ 'ਚ 5 ਮੈਂਬਰੀ ਵਫਦ, ਜਿਸ 'ਚ ਬਲਜੀਤ ਕੌਰ ਸੰਗਰੂਰ, ਸ਼ਿੰਦਰਪਾਲ ਕੌਰ ਥਾਂਦੇਵਾਲਾ ਮੁਕਤਸਰ, ਗੁਰਅੰਮ੍ਰਿਤ ਕੌਰ ਲੁਧਿਆਣਾ ਅਤੇ ਜਸਵੀਰ ਕੌਰ ਹੁਸ਼ਿਆਰਪੁਰ ਸ਼ਾਮਲ ਸਨ, ਨਾਲ ਮੀਟਿੰਗ ਕਰਵਾਈ, ਜਿਸ ਵਿਚ ਯੂਨੀਅਨ ਦੀਆਂ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੀ ਬਜਾਏ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿਚ ਤੁਰੰਤ ਵਾਪਸ ਭੇਜੇ, ਸੈਂਟਰਾਂ ਵਿਚ ਰਾਸ਼ਨ ਤੇ ਮੁਲਾਜ਼ਮਾਂ ਦੇ ਟੀ. ਏ. ਡੀ. ਏ. ਤੁਰੰਤ ਜਾਰੀ ਕੀਤੇ ਜਾਣ, ਮੁਲਾਜ਼ਮਾਂ ਦੀਆਂ ਚਾਰ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਨੂੰ ਨਿਰਵਿਘਨ ਜਾਰੀ ਰੱਖਿਆ ਜਾਵੇ । ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਮੈਡਮ ਰਜ਼ੀਆ ਸੁਲਤਾਨਾ ਨੇ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਲਿਖਤੀ ਨੋਟ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਜਾਵੇਗਾ। 
ਲੋਕ ਇਨਸਾਫ ਪਾਰਟੀ ਵੱਲੋਂ ਧਰਨੇ ਦੀ ਹਮਾਇਤ 
ਲੋਕ ਇਨਸਾਫ ਪਾਰਟੀ ਦੇ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਗੱਜਣਮਾਜਰਾ ਨੇ ਆਂਗਣਵਾੜੀ ਮੁਲਾਜ਼ਮਾਂ ਦੇ ਧਰਨੇ 'ਚ ਪਹੁੰਚ ਕੇ ਮੰਗਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇ ਸਰਕਾਰ 5600 ਅਤੇ 2800 ਰੁਪਏ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਨਹੀਂ ਦੇ ਸਕਦੀ ਤਾਂ ਇਸ ਸਰਕਾਰ ਨੂੰ ਸੱਤਾ 'ਚ ਰਹਿਣ ਦਾ ਕੋਈ ਅਧਿਕਾਰ ਨਹੀਂ । ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜੇਕਰ ਸਾਡੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਸੱਤਾ 'ਚ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਘਰ ਬੈਠਿਆਂ ਨੂੰ ਤੁਹਾਡੇ ਹੱਕ ਦੇਵਾਂਗੇ।


Related News