ਆਂਗਣਵਾੜੀ ਵਰਕਰਾਂ ਵਲੋਂ ਮਨਪ੍ਰੀਤ ਬਾਦਲ ਦੇ ਘਰ ਅੱਗੇ ਰੋਸ ਪ੍ਰਦਰਸ਼ਨ
Friday, May 03, 2019 - 10:28 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਸੁਖਪਾਲ, ਪਵਨ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਕਾਂਗਰਸੀ ਵਿਧਾਇਕ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਅਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ਼ ਸੂਬਾ ਕਮੇਟੀ ਦੇ ਫੈਸਲੇ 'ਤੇ ਪਿੰਡ ਬਾਦਲ ਵਿਖੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪ ਤਾਂ ਵਰਕਰਾਂ ਤੇ ਹੈਲਪਰਾਂ ਨੂੰ ਕੀ ਦੇਣਾ ਸੀ, ਉਲਟਾ ਕੇਂਦਰ ਸਰਕਾਰ ਵਲੋਂ ਵਧਾਏ ਹੋਏ ਮਾਣਭੱਤੇ 'ਚੋਂ ਬਣਦਾ ਆਪਣਾ 40 ਫੀਸਦੀ ਹਿੱਸਾ ਨਹੀਂ ਪਾਇਆ ਅਤੇ ਉਹ ਪੈਸੇ ਕੱਟ ਲਏ।
ਯੂਨੀਅਨ ਦੇ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਕੱਟੇ ਹੋਏ ਪੈਸੇ ਵਾਪਸ ਨਾ ਕੀਤੇ ਗਏ ਤਾਂ ਵਰਕਰਾਂ ਤੇ ਹੈਲਪਰਾਂ ਕਾਂਗਰਸ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਵੋਟਾਂ ਨਹੀਂ ਪਾਉਣਗੀਆਂ ਤੇ ਹਰ ਥਾਂ ਵਿਰੋਧ ਕਰਨਗੀਆਂ। ਪੰਜਾਬ ਪੁਲਸ ਵਲੋਂ ਇਸ ਸਮੇਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਨਾਇਬ ਤਹਿਸੀਲਦਾਰ ਲੰਬੀ ਮੈਡਮ ਹੀਰਾਵੰਤੀ ਨੂੰ ਯੂਨੀਅਨ ਦੀਆਂ ਆਗੂਆਂ ਨੇ ਮੰਗ-ਪੱਤਰ ਦਿੱਤਾ। ਜ਼ਿਕਰਯੋਗ ਹੈ ਕਿ ਆਂਗਣਵਾੜੀ ਵਰਕਰਾਂ ਮਨਪ੍ਰੀਤ ਬਾਦਲ ਦੇ ਘਰ ਅੱਗੇ ਸੜਕ 'ਤੇ ਧੁੱਪੇ ਬੈਠੀਆਂ ਰਹੀਆਂ ਅਤੇ ਉੱਥੇ ਉਨ੍ਹਾਂ ਦੇ ਪੀਣ ਲਈ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਇਸ ਸਮੇਂ ਯੂਨੀਅਨ ਦੀ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਾਕ ਪ੍ਰਧਾਨ ਕੁਲਦੀਪ ਕੌਰ ਪੰਜਾਵਾ ਆਦਿ ਮੌਜੂਦ ਸਨ।