ਆਂਗਣਵਾੜੀ ਮੁਲਾਜ਼ਮਾਂ ਡੀ. ਸੀ ਦਫ਼ਤਰ ਅੱਗੇ ਦਿੱਤਾ ਧਰਨਾ
Tuesday, Nov 14, 2017 - 12:58 AM (IST)

ਗੁਰਦਾਸਪੁਰ, (ਦੀਪਕ, ਵਿਨੋਦ)- ਤਿੰਨ ਤੋਂ ਛੇ ਸਾਲ ਦੇ ਬੱਚਿਆ ਨੂੰ ਈ. ਸੀ. ਸੀ. ਈ. ਪਾਲਿਸੀ ਤਹਿਤ ਆਂਗਣਵਾੜੀ ਸੈਂਟਰਾਂ ਵਿਚ ਹੀ ਰੱਖਿਆ ਜਾਵੇ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਰੁਜ਼ਗਾਰ ਦੀ ਗਾਰੰਟੀ ਯਕੀਨੀ ਬਣਾਈ ਜਾਵੇ ਆਦਿ ਮੰਗਾਂ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਜ਼ਿਲਾ ਪੱਧਰ 'ਤੇ ਜ਼ਿਲਾ ਗੁਰਦਾਸਪੁਰ ਵਿਖੇ ਜ਼ਿਲਾ ਪ੍ਰਧਾਨ ਵਰਿੰਦਰ ਕੌਰ ਦੀ ਅਗਵਾਈ ਵਿਚ 'ਜੇਲ ਭਰੋ ਅੰਦੋਲਨ' ਦੀ ਤਿਆਰੀ ਕਰਨ ਲਈ ਅੱਜ ਡੀ. ਸੀ. ਦਫਤਰ ਗੁਰਦਾਸਪੁਰ ਅੱਗੇ ਧਰਨਾ ਦਿੱਤਾ। ਇਸ ਤੋਂ ਪਹਿਲਾਂ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਇਕੱਤਰ ਵਰਕਰਾਂ ਅਤੇ ਹੈਲਪਰਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ/ਹੈਲਪਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋਏ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ 52 ਦਿਨਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਵਾਰ ਮੀਟਿੰਗ ਦੇ ਕੇ ਰੱਦ ਕਰ ਚੁੱਕੇ ਹਨ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ 8 ਨਵੰਬਰ ਨੂੰ ਯੂਨੀਅਨ ਆਗੂਆਂ ਨਾਲ ਮੀਟਿੰਗ ਕਰ ਕੇ ਜੋ ਫੈਸਲੇ ਲਏ ਗਏ ਸਨ ਉਹ ਅਜੇ ਤੱਕ ਜਾਰੀ ਨਹੀਂ ਕੀਤੇ ਗਏ, ਜਿਸ ਕਾਰਨ ਆਂਗਣਵਾੜੀ ਮੁਲਾਜ਼ਮਾਂ ਵਿਚ ਰੋਸ ਹੈ।
ਉਨ੍ਹਾਂ ਕਿਹਾ ਕਿ ਇਸ ਰੋਸ ਨੂੰ ਹੋਰ ਵਿਸ਼ਾਲ ਅਤੇ ਤਿੱਖਾ ਰੂਪ ਦਿੰਦੇ ਹੋਏ ਅੱਜ 'ਜੇਲ ਭਰੋ ਅੰਦੋਲਨ' ਸਬੰਧੀ ਪ੍ਰਣ ਪੱਤਰ ਭਰ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਲਿਖ ਕੇ ਅਗਾਊਂ ਸੂਚਿਤ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ 14 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਯੂਨੀਅਨ ਨਾਲ ਰੱਖੀ ਮੀਟਿੰਗ ਰੱਦ ਕੀਤੀ ਗਈ ਜਾਂ ਮੀਟਿੰਗ ਬੇਸਿੱਟਾ ਨਿਕਲੀ ਤਾਂ 15 ਨਵੰਬਰ ਤੋਂ ਜੇਲਾਂ ਭਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਬਲਾਕ ਮੀਤ ਪ੍ਰਧਾਨ ਪਲਵਿੰਦਰ ਕੌਰ, ਬਲਾਕ ਪ੍ਰਧਾਨ ਦੋਰਾਂਗਲਾ ਸੁਖਬੀਰ ਕੌਰ, ਬਲਾਕ ਦੀਨਾਨਗਰ ਪ੍ਰਧਾਨ ਪ੍ਰੇਮ ਰਾਣੀ, ਬਲਾਕ ਪ੍ਰਧਾਨ ਫਤਿਹਗੜ੍ਹ ਚੂੜੀਆਂ ਰਾਜਵਿੰਦਰ ਕੌਰ, ਕਲਵਿੰਦਰ ਕੌਰ, ਸਰਬਜੀਤ ਕੌਰ, ਸੰਦੀਪ ਕੌਰ, ਇੰਦਰਜੀਤ ਕੌਰ, ਰਜਵੰਤ ਕੌਰ, ਪਰਮਜੀਤ ਕੌਰ, ਰਣਜੀਤ ਕੌਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਹਾਜ਼ਰ ਸਨ।