ਫਤਿਹਗੜ੍ਹ ਸਾਹਿਬ ਵਿਖੇ ਆਂਗਣਵਾੜੀ ਵਰਕਰਾਂ ਤੇ ਪੁਲਸ ਵਿਚਾਲੇ ਧੱਕਾ-ਮੁੱਕੀ

03/07/2020 2:58:19 PM

ਫਤਿਹਗੜ੍ਹ ਸਾਹਿਬ (ਜੱਜੀ) : ਆਂਗਣਵਾੜੀ ਮੁਲਾਜ਼ਮ ਯੂਨੀਅਨ ਫਤਿਹਗੜ੍ਹ ਸਾਹਿਬ ਦੀਆਂ ਸੈਂਕੜੇ ਵਰਕਰਾਂ ਤੇ ਹੈਲਪਰਾਂ ਨੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ 'ਚ ਗੁ. ਸ੍ਰੀ ਜੋਤੀ ਸਰੂਪ ਸਾਹਿਬ ਤੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੱਕ ਮੂੰਹ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ 'ਜੇਲ ਭਰੋ ਅੰਦੋਲਨ' ਤਹਿਤ ਬਰਸਾਤ 'ਚ ਰੋਸ ਮਾਰਚ ਕੀਤਾ, ਜਦੋਂ ਆਂਗਣਵਾੜੀ ਵਰਕਰਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਪਹੁੰਚੀਆਂ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਕੋਲ ਬੱਸਾਂ ਦੀ ਘਾਟ ਸੀ। ਜਿਸ ਕਾਰਨ ਉਨ੍ਹਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੰਦਰ ਦਾਖਲ ਹੋਣਾ ਚਾਹਿਆ ਪਰ ਥਾਣਾ ਫਤਿਹਗੜ੍ਹ ਸਾਹਿਬ ਦੇ ਐੱਸ. ਐੱਚ. ਓ. ਜੀ. ਐੱਸ. ਸਿਕੰਦ ਦੀ ਅਗਵਾਈ 'ਚ ਪੁਲਸ ਨੇ ਉਨ੍ਹਾਂ ਨੂੰ ਰੋਕਿਆ। ਇਸ ਮੌਕੇ ਪੁਲਸ ਨਾਲ ਆਂਗਣਵਾੜੀ ਵਰਕਰਾਂ ਦੀ ਧੱਕਾ-ਮੁੱਕੀ ਵੀ ਹੋਈ। ਇਸ ਮੌਕੇ ਜੀ. ਏ. ਟੂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਡੀ. ਐੱਸ. ਪੀ. ਜਾਂਚ ਜਸਵਿੰਦਰ ਸਿੰਘ ਟਿਵਾਣਾ ਵੀ ਪਹੁੰਚ ਗਏ। ਉਸੇ ਸਮੇਂ ਹੋਰ ਬੱਸਾਂ ਮੰਗਵਾ ਕੇ 8 ਬੱਸਾਂ 'ਚ ਭਰ ਕੇ ਆਂਗਣਵਾੜੀ ਵਰਕਰਾਂ ਨੂੰ ਪੁਲਸ ਲੈ ਗਈ।

PunjabKesari
ਹਰਜੀਤ ਕੌਰ ਪੰਜੋਲਾ ਨੇ ਪੁਲਸ ਦੇ ਰਵੱਈਏ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਜ਼ਿਲਾ ਪ੍ਰਸ਼ਾਸਨ ਨੂੰ ਬੀਤੀ 20 ਫਰਵਰੀ ਨੂੰ ਮੰਗ-ਪੱਤਰ ਦਿੱਤਾ ਸੀ ਕਿ ਉਹ 6 ਮਾਰਚ ਨੂੰ ਜੇਲ ਭਰੋ ਅੰਦੋਲਨ ਤਹਿਤ ਗ੍ਰਿਫਤਾਰੀ ਦੇਣਗੀਆਂ ਪਰ ਪੁਲਸ ਵੱਲੋਂ ਫਿਰ ਵੀ ਉਚਿਤ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਆਂਗਣਵਾੜੀ ਵਰਕਰਾਂ ਨਾਲ ਧੱਕਾ-ਮੁੱਕੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਈ. ਸੀ. ਡੀ. ਐੱਸ. ਸਕੀਮ ਤਹਿਤ ਵਡਮੁੱਲੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘੱਟੋ-ਘੱਟ ਉਜਰਤ ਦੇਣ ਲਈ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਸੰਘਰਸ਼ ਮਗਰੋਂ ਨਿਗੂਣੇ ਮਾਣਭੱਤੇ 'ਚ ਹੋਏ ਵਾਧੇ ਲਈ 40 ਫੀਸਦੀ ਸਟੇਟ ਸ਼ੇਅਰ ਪਾਉਣ ਤੋਂ ਵੀ ਮੁੱਕਰ ਗਏ ਹਨ। ਉਨ੍ਹਾਂ ਨੇ 600 ਰੁਪਏ ਵਰਕਰ ਅਤੇ 500 ਰੁਪਏ ਮਿੰਨੀ ਵਰਕਰ ਤੇ 300 ਰੁਪਏ ਹੈਲਪਰਾਂ ਦੇ ਭੱਤੇ 'ਚ ਕਟੌਤੀ ਕਰ ਲਈ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਰਾਜਨੀਤੀ 'ਚ ਵੱਡੇ ਧਮਾਕੇ ਦੇ ਆਸਾਰ, ਢੀਂਡਸਾ ਨੇ ਕੀਤੀ ਬੀਰਦਵਿੰਦਰ ਸਿੰਘ ਨਾਲ ਮੁਲਾਕਾਤ     

 


Anuradha

Content Editor

Related News