ਖ਼ੁਲਾਸਾ: ਮੁਲਾਜ਼ਮਾਂ ਦੀ ਤਨਖ਼ਾਹ ਨਾਲ ਕਿਰਾਏ ਦੇ ਕਮਰਿਆਂ ’ਚ ਚੱਲ ਰਹੇ ਪੰਜਾਬ ਦੇ 6 ਹਜ਼ਾਰ ਆਂਗਣਵਾੜੀ ਸੈਂਟਰ
Sunday, Oct 09, 2022 - 11:02 AM (IST)
ਜਲੰਧਰ (ਨਰਿੰਦਰ ਮੋਹਨ)– ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾਂਝੇ ਸਹਿਯੋਗ ਨਾਲ ਚੱਲ ਰਹੇ ਪੰਜਾਬ ਦੇ ਆਂਗਣਵਾੜੀ ਕੇਂਦਰਾਂ ਦੀ ਹਾਲਤ ਤਰਸਯੋਗ ਹੈ। ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਇਨ੍ਹਾਂ ਦੀ ਠੀਕ ਤਰ੍ਹਾਂ ਸੰਭਾਲ ਕਰ ਰਹੀ ਹੈ। ਹਾਲਾਤ ਇਹ ਹਨ ਕਿ ਪਿਛਲੇ 3 ਸਾਲਾਂ ਤੋਂ ਸੂਬਾ ਸਰਕਾਰ ਨੇ ਕਿਰਾਏ ’ਤੇ ਚੱਲ ਰਹੇ ਆਂਗਣਵਾੜੀ ਕੇਂਦਰਾਂ ਦਾ ਮਾਮੂਲੀ ਜਿਹਾ ਕਿਰਾਇਆ ਵੀ ਅਦਾ ਨਹੀਂ ਕੀਤਾ। ਨਤੀਜੇ ਵਜੋਂ ਖਾਨਾਬਦੋਸ਼ਾਂ ਵਾਂਗ ਆਂਗਣਵਾੜੀ ਮੁਲਾਜ਼ਮ ਅਤੇ ਬੱਚੇ ਇਕ ਤੋਂ ਦੂਜੇ ਟਿਕਾਣੇ ਵੱਲ ਭਟਕ ਰਹੇ ਹਨ। ਕਿਤੇ ਇਹ ਕੇਂਦਰ ਬੰਦ ਨਾ ਹੋ ਜਾਣ, ਇਸ ਲਈ ਮਜ਼ਦੂਰਾਂ ਵਾਂਗ ਮਾਣ ਭੱਤੇ ’ਤੇ ਕੰਮ ਕਰ ਰਹੀਆਂ ਆਂਗਣਵਾੜੀ ਮੁਲਾਜ਼ਮ ਆਪਸ ’ਚ ਤੀਲਾ-ਤੀਲਾ ਜੋੜ ਕੇ ਖ਼ੁਦ ਹੀ ਕਿਰਾਇਆ ਭਰ ਕੇ ਇਨ੍ਹਾਂ ਕੇਂਦਰਾਂ ਦੀ ਹੋਂਦ ਬਚਾਉਣ ਦੀ ਕੋਸ਼ਿਸ਼ ਰਹੀਆਂ ਹਨ।
ਬੀਤੀ 30 ਸਤੰਬਰ ਨੂੰ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਫ਼ਰ ਕਾਲ ’ਚ ਇਹ ਮਾਮਲਾ ਵਿਧਾਨ ਸਭਾ ’ਚ ਉਠਾਇਆ ਸੀ। ਸੂਬੇ ’ਚ ਕੁਲ 27 ਹਜ਼ਾਰ ਆਂਗਣਵਾੜੀ ਕੇਂਦਰ ਹਨ, ਜਿਨ੍ਹਾਂ ਵਿਚੋਂ 6 ਹਜ਼ਾਰ ਤੋਂ ਵੱਧ ਕੇਂਦਰ ਕਿਰਾਏ ਦੇ ਕਮਰਿਆਂ ’ਚ ਚਲਾਏ ਜਾ ਰਹੇ ਹਨ। ਪੇਂਡੂ ਅਤੇ ਅਰਧ ਸ਼ਹਿਰੀ ਖੇਤਰਾਂ ਵਿਚ ਇਨ੍ਹਾਂ ਕਮਰਿਆਂ ਦਾ ਕਿਰਾਇਆ 1500 ਤੋਂ 2 ਹਜ਼ਾਰ ਰੁਪਏ ਮਹੀਨਾ ਹੈ ਪਰ ਸ਼ਹਿਰਾਂ ’ਚ ਜਾਂ ਸ਼ਹਿਰਾਂ ਦੇ ਲਾਗਲੇ ਕੇਂਦਰਾਂ ਦਾ ਕਿਰਾਇਆ 5 ਹਜ਼ਾਰ ਰੁਪਏ ਤਕ ਹੈ।
ਇਹ ਵੀ ਪੜ੍ਹੋ: ਡਰਾਈਵਰਾਂ ਦੀ ਘਾਟ ਕਾਰਨ ਕਰਜ਼ ਲੈ ਕੇ ਖ਼ਰੀਦੀਆਂ ਸਰਕਾਰੀ ਬੱਸਾਂ ਡਿਪੂ 'ਚ ਖੜ੍ਹੀਆਂ, 4 ਕਰੋੜ ਹੈ ਮਹੀਨੇ ਦੀ ਕਿਸ਼ਤ
ਬੀਤੇ 3 ਸਾਲਾਂ ’ਚ 3 ਸਰਕਾਰਾਂ ਬਣੀਆਂ ਪਰ ਹਰ ਸਰਕਾਰ ਨੇ ਆਂਗਣਵਾੜੀ ਕੇਂਦਰਾਂ ਦੀ ਇਸ ਮੁਸ਼ਕਿਲ ਨੂੰ ਹੱਲ ਕਰਨ ’ਚ ਕੋਈ ਦਿਲਚਸਪੀ ਨਹੀਂ ਵਿਖਾਈ। ਕੋਰੋਨਾ ਕਾਲ ’ਚ ਤਾਂ ਮਕਾਨ ਮਾਲਕਾਂ ਨੇ ਵੀ ਕੁਝ ਹਮਦਰਦੀ ਵਿਖਾਈ ਪਰ ਸਰਕਾਰਾਂ ਦੇ ਸ਼ਾਹੀ ਖ਼ਰਚੇ ਇਨ੍ਹਾਂ ਮੁਲਾਜ਼ਮਾਂ ਲਈ ਤਾਅਨੇ ਬਣ ਰਹੇ ਹਨ। ਸੂਬੇ ’ਚ ਅਨੇਕਾਂ ਥਾਵਾਂ ’ਤੇ ਕਿਰਾਇਆ ਨਾ ਮਿਲਣ ’ਤੇ ਆਂਗਣਵਾੜੀ ਮੁਲਾਜ਼ਮਾਂ ਅਤੇ ਬੱਚਿਆਂ ਨੂੰ ਕੱਢ ਦਿੱਤਾ ਗਿਆ। ਮੁਲਾਜ਼ਮ ਬੱਚਿਆਂ ਨੂੰ ਲੈ ਕੇ ਕਦੇ ਕਿਸੇ ਕਿਰਾਏ ਦੇ ਕਮਰੇ ’ਚ ਗਈਆਂ ਤਾਂ ਕਦੇ ਕਿਸੇ ਹੋਰ ਥਾਂ ’ਤੇ। ਇਹ ਕੇਂਦਰ ਕਿਤੇ ਬੰਦ ਨਾ ਹੋ ਜਾਣ, ਇਸੇ ਫਿਕਰ ’ਚ ਬੈਠੀਆਂ ਆਂਗਣਵਾੜੀ ਮੁਲਾਜ਼ਮ ਆਪਣੇ ਮਾਣ ਭੱਤੇ ’ਚੋਂ ਕੁਝ ਹਿੱਸਾ ਕੱਢ ਕੇ ਕਮਰਿਆਂ ਦਾ ਕਿਰਾਇਆ 3 ਸਾਲਾਂ ਤੋਂ ਦੇ ਰਹੀਆਂ ਹਨ। ਮੁਸ਼ਕਿਲ ਉਨ੍ਹਾਂ ਮੁਲਾਜ਼ਮਾਂ ਲਈ ਹੈ, ਜੋ ਸ਼ਹਿਰੀ ਖੇਤਰਾਂ ’ਚ ਜਾਂ ਆਸ-ਪਾਸ ਦੇ ਕਮਰਿਆਂ ਦਾ ਕਿਰਾਇਆ 5 ਹਜ਼ਾਰ ਤਕ ਦੇ ਰਹੀਆਂ ਹਨ ਪਰ ਸਰਕਾਰ ਜਦੋਂ ਉਨ੍ਹਾਂ ਨੂੰ ਕਿਰਾਏ ਦੀ ਰਕਮ ਦੇਵੇਗੀ ਤਾਂ ਆਪਣੀ ਤੈਅ ਕੀਤੀ ਹੋਈ ਰਕਮ ’ਤੇ ਮਤਲਬ ਸਰਕਾਰ ਨੇ ਕਿਸੇ ਥਾਂ ਲਈ ਇਹ ਰਕਮ 2 ਹਜ਼ਾਰ ਰੁਪਏ ਤੈਅ ਕੀਤੀ ਹੋਈ ਹੈ ਅਤੇ ਕਿਤੇ ਵੱਧ ਤੋਂ ਵੱਧ 4 ਹਜ਼ਾਰ ਰੁਪਏ।
ਇਹ ਵੀ ਪੜ੍ਹੋ: ਇੰਗਲੈਂਡ ਰਹਿੰਦੇ ਟਾਂਡਾ ਦੇ ਵਸਨੀਕ ਦਾ ਚੋਰੀ ਹੋਇਆ ਸਾਈਕਲ, DGP ਨੂੰ ਲਿਖਿਆ ਪੱਤਰ ਤਾਂ ਹਰਕਤ 'ਚ ਆਈ ਪੁਲਸ
ਲੁਧਿਆਣਾ, ਨਵਾਂ ਸ਼ਹਿਰ, ਬਠਿੰਡਾ ਅਤੇ ਖਰੜ ’ਚ ਕਿਰਾਏ ਕਾਰਨ ਆਂਗਣਵਾੜੀ ਕੇਂਦਰਾਂ ਨੂੰ ਇਕ ਤੋਂ ਤਿੰਨ ਵਾਰ ਕਿਰਾਏ ਦਾ ਕਮਰਾ ਬਦਲਣਾ ਪਿਆ ਹੈ। ਖਰੜ ਕੇਂਦਰ ਦੀ ਦਲਜੀਤ ਕੌਰ, ਸਤਿੰਦਰ ਕੌਰ ਅਤੇ ਅਮਨਦੀਪ ਕੌਰ ਨੇ ਦੱਸਿਆ ਕਿ ਕਿਰਾਇਆ ਅਦਾ ਨਾ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਬਿਲਡਿੰਗ ਦੇ ਮਾਲਕ ਨੇ ਕੱਢ ਦਿੱਤਾ, ਜਿਸ ਕਾਰਨ ਕੇਂਦਰ ਨੂੰ ਇੱਧਰ-ਉੱਧਰ ਲਿਜਾ ਕੇ ਚਲਾਉਣਾ ਪਿਆ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਸੀ ਕਿ ਕੋਰੋਨਾ ਕਾਲ ਤੋਂ ਪਹਿਲਾਂ ਹੀ ਸਰਕਾਰ ਨੇ ਆਂਗਣਵਾੜੀ ਕੇਂਦਰਾਂ ਦਾ ਕਿਰਾਇਆ ਨਹੀਂ ਦਿੱਤਾ। ਬਹੁਤ ਸਾਰੇ ਕੇਂਦਰ ਬੰਦ ਵੀ ਹੋਏ ਪਰ ਆਂਗਣਵਾੜੀ ਮੁਲਾਜ਼ਮਾਂ ਨੇ ਆਪਣੇ ਪੱਲਿਓਂ ਰਕਮ ਅਦਾ ਕਰਕੇ ਉਨ੍ਹਾਂ ਕੇਂਦਰਾਂ ਨੂੰ ਚਲਾਇਆ ਅਤੇ ਹੁਣ ਤਕ ਚਲਾਏ ਜਾ ਰਹੇ ਹਨ। ਇਸ ਬਾਰੇ ਪਹਿਲਾਂ ਕੈਪਟਨ ਸਰਕਾਰ ’ਚ, ਫਿਰ ਚਰਨਜੀਤ ਸਿੰਘ ਚੰਨੀ ਸਰਕਾਰ ਅਤੇ ਹੁਣ ਭਗਵੰਤ ਮਾਨ ਸਰਕਾਰ ’ਚ ਬਾਲ ਤੇ ਮਹਿਲਾ ਵਿਕਾਸ ਮੰਤਰੀ ਨਾਲ ਇਸ ਬਾਰੇ ਵਾਰ-ਵਾਰ ਮੁਲਾਕਾਤ ਕੀਤੀ ਜਾ ਚੁੱਕੀ ਹੈ ਪਰ ਕੁਝ ਵੀ ਨਹੀਂ ਹੋਇਆ। ਬਾਲ ਕਲਿਆਣ ਮਹਿਕਮੇ ਦੇ ਸੂਤਰਾਂ ਦਾ ਕਹਿਣਾ ਸੀ ਕਿ ਵਿਭਾਗ ਆਂਗਣਵਾੜੀ ਕੇਂਦਰਾਂ ਦੇ ਕਿਰਾਏ ਦੇ ਸਥਾਈ ਹੱਲ ਲਈ ਮੁੱਖ ਮੰਤਰੀ ਕੋਲ ਪ੍ਰਸਤਾਵ ਤਿਆਰ ਕਰ ਕੇ ਲਿਜਾ ਰਿਹਾ ਹੈ ਤਾਂ ਜੋ ਇਸ ਮਾਮਲੇ ਦਾ ਹੱਲ ਕੱਢਿਆ ਜਾ ਸਕੇ।
ਇਹ ਵੀ ਪੜ੍ਹੋ: ਦੀਵਾਲੀ, ਗੁਰਪੁਰਬ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਸਬੰਧੀ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ