ਸ੍ਰੀ ਅਨੰਦਪੁਰ ਸਾਹਿਬ ''ਚ ਫਸਵਾਂ ਹੋਵੇਗਾ ਮੁਕਾਬਲਾ, ਦਿੱਗਜ ਉਮੀਦਵਾਰ ਮੈਦਾਨ ''ਚ

Sunday, Apr 14, 2019 - 12:44 PM (IST)

ਸ੍ਰੀ ਅਨੰਦਪੁਰ ਸਾਹਿਬ ''ਚ ਫਸਵਾਂ ਹੋਵੇਗਾ ਮੁਕਾਬਲਾ, ਦਿੱਗਜ ਉਮੀਦਵਾਰ ਮੈਦਾਨ ''ਚ

ਆਨੰਦਪੁਰ ਸਾਹਿਬ :  ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਆਪਣੇ ਦਿੱਗਜ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਗਏ ਹਨ ਤੇ ਮੁਕਾਬਲਾ ਕਾਪੀ ਫਸਵਾਂ ਦਿਖਾਈ ਦੇ ਰਿਹਾ ਹੈ। ਲੋਕ ਸਭਾ ਚੋਣਾਂ ਲੜ ਰਹੀਆਂ ਸਾਰੀਆਂ ਪਾਰਟੀਆਂ ਲਈ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਹੁਣ ਵੱਕਾਰੀ ਸੀਟ ਬਣ ਚੁੱਕੀ ਹੈ। ਮੌਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਨ ਤੇ ਉਨ੍ਹਾਂ ਕਿਸਾਨੀ, ਸੂਬੇ ਦੀ ਆਰਥਿਕਤਾ ਤੇ ਸਿੱਖਾਂ ਦੇ ਮੁੱਦਿਆਂ ਨੂੰ ਬੇਬਾਕੀ ਨਾਲ ਚੁੱਕਿਆ ਹੈ। ਇਸੇ ਤਰ੍ਹਾਂ ਹਾਲ ਹੀ 'ਚ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ 'ਚ ਉਤਾਰੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦਾ ਵੀ ਆਪਣੀ ਪਾਰਟੀ ਦੇ ਨਾਲ-ਨਾਲ ਦੇਸ਼ ਦੀ ਰਾਜਨੀਤੀ 'ਚ ਵੀ ਕੱਦ ਬਹੁਤ ਉੱਚਾ ਹੈ। ਉਹ ਜਿੱਥੇ ਕਾਂਗਰਸ ਪਾਰਟੀ ਦੀ ਕੇਂਦਰੀ ਟੀਮ 'ਚ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ ਉਥੇ ਹੀ ਪੇਸ਼ੇ ਵਜੋਂ ਵਕੀਲ ਵੀ ਹਨ। ਤਿਵਾੜੀ ਹਰ ਮੰਚ 'ਤੇ ਆਪਣੀ ਗੱਲ ਕਹਿਣ ਤੇ ਮਨਾਉਣ ਦਾ ਮਾਦਾ ਰੱਖਦੇ ਹਨ। ਬਸਪਾ ਤੇ ਪੀਡੀਏ ਦੇ ਉਮੀਦਵਾਰ ਸੋਢੀ ਵਿਕਰਮ ਸਿੰਘ ਬੇਸ਼ੱਕ ਪਹਿਲੀ ਵਾਰ ਸਿਆਸੀ ਮੈਦਾਨ 'ਚ ਉਤਰੇ ਹਨ ਪਰ ਪੜ੍ਹੇ ਲਿਖੇ ਹੋਣ ਦੇ ਨਾਲ-ਨਾਲ ਸਮਾਜ ਸੇਵਾ 'ਚ ਵਿਚਰਨ ਤੇ ਦਿੱਲੀ ਬਾਰੇ ਜਾਣਕਾਰੀ ਕਰਕੇ ਸਰਕਾਰੀ ਤੰਤਰ 'ਚ ਆਪਣੀ ਗੱਲ ਕਰਨ ਤੇ ਕੰਮ ਕਰਵਾਉਣ ਦੀ ਸਮਝ ਰੱਖਦੇ ਹਨ। 

ਗੱਲ ਜੇ ਟਕਸਾਲੀ ਅਕਾਲੀ ਦਲ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਦੀ ਕਰੀਏ ਤਾਂ ਸਿਆਸੀ ਸੂਝਬੂਝ, ਰਾਜਨੀਤਕ ਕੱਦ, ਸਰਕਾਰ ਦੇ ਸੰਵਿਧਾਨਿਕ ਅਹੁਦੇ 'ਤੇ ਰਹਿਣ ਕਰਕੇ ਤਜਰਬਾ ਤੇ ਲੋਕ ਮੁੱਦਿਆ ਦੀ ਗੱਲ ਕਰਨ ਦੀ ਮੁਹਾਰਤ ਉਨ੍ਹਾਂ ਕੋਲ ਹੈ। ਬੇਸ਼ੱਕ ਆਮ ਆਦਮੀ ਪਾਰਟੀ ਕੁਝ ਸਮਾਂ ਪਹਿਲਾਂ ਹੋਂਦ 'ਚ ਆਈ ਪਰ ਜਿਸ ਤੇਜ਼ੀ ਨਾਲ ਉਨ੍ਹਾਂ ਆਪਣੇ ਉਮੀਦਵਾਰਾਂ ਨਰਿੰਦਰ ਸ਼ੇਰਗਿੱਲ ਦਾ ਐਲਾਨ ਕੀਤਾ ਹੈ ਤੇ ਜਿਸ ਤਰ੍ਹਾਂ ਉਹ ਅਹਿਮ ਮੁੱਦਿਆਂ ਨੂੰ ਲੈ ਕੇ ਲੋਕਾਂ 'ਚ ਜਾ ਰਹੇ ਹਨ ਉਸ ਤੋਂ ਇਹ ਸੁਭਾਵਿਕ ਹੀ ਹੈ ਕਿ ਸ਼ੇਰਗਿੱਲ ਨੂੰ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਘੱਟ ਸਮਝਣਾ ਨਹੀਂ। 

ਸੀਸੀਐੱਮ ਦੇ ਉਮੀਦਵਾਰ ਕਾਮਰੇਡ ਰਘੂਨਾਥ ਸਿੰਘ ਆਪਣੀ ਪਾਰਟੀ ਦੇ ਕੱਦਾਵਰ ਆਗੂ ਹਨ ਤੇ ਬੀਤ ਇਲਾਕੇ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਨੂੰ ਇਸ ਖਿੱਤੇ ਦੀਆਂ ਸਮੱਸਿਆਵਾਂ ਬਾਰੇ ਪੂਰੀ ਜਾਣਕਾਰੀ ਹਾ ਜਦਕਿ ਖੱਬੇ ਪੱਖੀ ਧਿਰਾਂ ਦਾ ਸਮਰਥਨ ਉਨ੍ਹਾਂ ਕੋਲ ਹੋਣ ਕਰਕੇ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਹੁਣ ਦੇਖਣਾ ਹੋਵੇਗਾ ਕਿ ਆਉਂਦੇ ਦਿਨਾਂ 'ਚ ਕਿਹੜੀ ਪਾਰਟੀ ਦਾ ਉਮੀਦਵਾਰ ਹਲਕੇ ਤੋਂ 16 ਲੱਖ ਤੋਂ ਵੱਧ ਵੋਟਰਾਂ ਦੀ ਨਬਜ਼ ਟੋਹਣ 'ਚ ਕਾਮਯਾਬ ਹੁੰਦਾ ਹੈ। 

 


author

Baljeet Kaur

Content Editor

Related News