ਦਿੱਲੀ ''ਚ ਇਸ ਹਫਤੇ ਲਾਗੂ ਹੋਵੇਗਾ ਆਨੰਦ ਮੈਰਿਜ ਐਕਟ : ਸਿਰਸਾ

Friday, Jul 28, 2017 - 07:57 AM (IST)

ਦਿੱਲੀ ''ਚ ਇਸ ਹਫਤੇ ਲਾਗੂ ਹੋਵੇਗਾ ਆਨੰਦ ਮੈਰਿਜ ਐਕਟ : ਸਿਰਸਾ

ਚੰਡੀਗੜ੍ਹ — ਦਿੱਲੀ ਵਿਚ ਸਿੱਖ ਭਾਈਚਾਰੇ ਦੇ ਮੈਂਬਰ ਛੇਤੀ ਹੀ ਆਪਣੇ ਵਿਆਹ ਆਨੰਦ ਮੈਰਿਜ ਐਕਟ ਦੇ ਤਹਿਤ ਰਜਿਸਟਰਡ ਕਰਵਾ ਸਕਣਗੇ ਕਿਉਂਕਿ ਇਹ ਐਕਟ ਇਸ ਹਫਤੇ ਦਿੱਲੀ ਵਿਚ ਲਾਗੂ ਕੀਤੇ ਜਾਣ ਦੀ ਤਿਆਰੀ ਮੁਕੰਮਲ ਹੋ ਗਈ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐੱਸ ਜੀ ਐਮ ਸੀ) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਕੋਲ ਚੁੱਕਿਆ ਸੀ ਤੇ ਉਨ੍ਹਾਂ ਨੂੰ ਜਾਣੂ ਕਰਵਾਇਆ ਸੀ ਕਿ ਇਹ ਐਕਟ ਸੰਸਦ ਤੇ ਰਾਸ਼ਟਰਪਤੀ ਵੱਲੋਂ ਪਾਸ ਕੀਤਾ ਜਾ ਚੁੱਕਾ ਹੈ ਪਰ ਦਿੱਲੀ ਵਿਚ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਉਪ ਰਾਜਪਾਲ ਬੈਜਲ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਿਆ ਤੇ ਇਸਨੂੰ ਤੁਰੰਤ ਲਾਗੂ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। 
ਉਨ੍ਹਾਂ ਕਿਹਾ ਕਿ ਇਸ ਸਦਕਾ ਸਿੱਖਾਂ ਦੀ ਇਕ ਸਦੀ ਤੋਂ ਵੀ ਜ਼ਿਆਦਾ ਪੁਰਾਣੀ ਮੰਗ ਪੂਰੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਲ 1909 ਵਿਚ ਪਹਿਲੀ ਵਾਰ ਇਹ ਮੰਗ ਉਠੀ ਸੀ। ਇਸ ਮਗਰੋਂ ਐਕਟ ਬਣਵਾਉਣ ਤੇ ਪਾਸ ਕਰਵਾਉਣ ਵਾਸਤੇ ਲੰਬੀ ਲੜਾਈ ਲੜਨੀ ਪਈ। ਉਨ੍ਹਾਂ ਕਿਹਾ ਕਿ ਸਾਲ 2012 ਵਿਚ ਤਤਕਾਲੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਆਨੰਦ ਮੈਰਿਜ (ਸੋਧ) ਐਕਟ ਪਾਸ ਕਰਵਾ ਦਿੱਤਾ ਤੇ ਸਾਰੇ ਰਾਜਾਂ ਨੂੰ ਆਖਿਆ ਗਿਆ ਕਿ ਇਸਨੂੰ ਲਾਗੂ ਕੀਤਾ ਜਾਵੇ। ਸਿਰਸਾ ਨੇ  ਦੱਸਿਆ ਕਿ ਹੁਣ ਉਹ ਐਕਟ ਲਾਗੂ ਕਰਨ ਦਾ ਮਾਮਲਾ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਤੇ ਮੁੱਖ ਸਕੱਤਰਾਂ ਕੋਲ ਚੁੱਕ ਰਹੇ ਹਨ ਤੇ ਉਨ੍ਹਾਂ ਨੂੰ ਪੱਤਰ ਵੀ ਲਿਖ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੱਲ ਉਨ੍ਹਾਂ ਨੇ ਆਸਾਮ ਦੇ ਮੁੱਖ ਮੰਤਰੀ ਸਰਬਨੰਦਾ ਸੋਨਵਾਲ ਨਾਲ ਮੁਲਾਕਾਤ ਕੀਤੀ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਹੈ ਕਿ ਐਕਟ ਆਸਾਮ ਵਿਚ ਜਲਦ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰਿਆਣਾ ਤੇ ਪੰਜਾਬ ਵਿਚ ਇਹ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ।


Related News