ਇੰਗਲੈਂਡ ਗਏ ਪਾਸਟਰ ਦੇ ਘਰ ''ਤੇ ਹਮਲਾ
Sunday, Oct 08, 2017 - 05:53 AM (IST)
ਜਲੰਧਰ, (ਮਹੇਸ਼)- ਥਾਣਾ ਸਦਰ ਦੇ ਪਿੰਡ ਸੰਸਾਰਪੁਰ ਵਿਚ ਅੱਜ ਸਵੇਰੇ ਤੜਕੇ 3 ਵਜੇ ਦੇ ਕਰੀਬ ਕੁਝ ਲੋਕਾਂ ਨੇ ਇੰਗਲੈਂਡ ਗਏ ਹੋਏ ਪਾਸਟਰ ਜਾਰਜ ਮਸੀਹ ਪੁੱਤਰ ਆਜ਼ਾਦ ਮਸੀਹ ਦੇ ਘਰ ਹਮਲਾ ਬੋਲ ਦਿੱਤਾ ਤੇ ਤੋੜ-ਭੰਨ ਕਰਨ ਤੋਂ ਬਾਅਦ ਪਾਸਟਰ ਦੀ ਮਾਂ ਨੂੰ ਧਮਕਾਉਂਦਿਆਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪਾਸਟਰ ਜਾਰਜ ਦੀ ਮਾਂ ਕੌਸ਼ੱਲਿਆ ਨੇ ਹਮਲਾਵਰਾਂ ਦੀ ਗਿਣਤੀ 3 ਦੱਸੀ ਹੈ। ਕੌਸ਼ੱਲਿਆ ਪਤਨੀ ਆਜ਼ਾਦ ਮਸੀਹ ਨੇ ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਸਭਾ ਭਵਨ ਦਕੋਹਾ ਦੇ ਪਾਸਟਰ ਤੇ ਯੂਨਾਈਟਿਡ ਪਾਸਟਰ ਐਸੋ. ਜਲੰਧਰ ਦੇ ਪ੍ਰਧਾਨ ਪਾਸਟਰ ਅਲੀਅਜਰ ਮਸੀਹ ਦੀ ਮੌਜੂਦਗੀ ਵਿਚ ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਨੂੰ ਦੱਸਿਆ ਕਿ ਉਹ ਘਰ ਵਿਚ ਸੁੱਤੀ ਹੋਈ ਸੀ। ਤੜਕੇ 3 ਵਜੇ ਦਰਵਾਜ਼ਾ ਖੜਕਾਉਣ 'ਤੇ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ 3 ਵਿਅਕਤੀ ਅੰਦਰ ਆ ਕੇ ਕਹਿਣ ਲੱਗੇ ਕਿ ਉਨ੍ਹਾਂ ਨੇ ਪ੍ਰਾਰਥਨਾ ਕਰਵਾਉਣੀ ਹੈ, ਜਿਸ 'ਤੇ ਉਸਨੇ ਕਿਹਾ ਕਿ ਉਸਦਾ ਬੇਟਾ ਜਾਰਜ ਵਿਦੇਸ਼ ਗਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟੇ ਨਾਲ ਉਨ੍ਹਾਂ ਦੀ ਫੋਨ 'ਤੇ ਗੱਲ ਕਰਵਾ ਦੇਵੇ। ਉਸਨੇ ਮਨ੍ਹਾਂ ਕਰਦਿਆਂ ਕਿਹਾ ਕਿ ਉਸਦੇ ਆਉਣ ਤੋਂ ਬਾਅਦ ਹੀ ਉਹ ਪ੍ਰਾਰਥਨਾ ਸਬੰਧੀ ਲਿਖਵਾ ਸਕਦੇ ਹਨ। ਇੰਨਾ ਸੁਣਦਿਆਂ ਹੀ ਹਮਲਾਵਰਾਂ ਨੇ ਘਰ ਵਿਚ ਪਏ ਸਾਮਾਨ ਦੀ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤੀ ਤੇ ਬਾਅਦ ਵਿਚ ਉਸਨੂੰ (ਜਾਰਜ ਦੀ ਮਾਂ ਕੌਸ਼ੱਲਿਆ) ਨੂੰ ਧਮਕਾਉਂਦਿਆਂ ਫਰਾਰ ਹੋ ਗਏ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਪਾਸਟਰ ਜਾਰਜ ਮਸੀਹ ਦੀ ਮਾਂ ਕੌਸ਼ੱਲਿਆ ਮਸੀਹ ਦੇ ਬਿਆਨਾਂ 'ਤੇ ਹਮਲਾਵਰਾਂ ਦੇ ਖਿਲਾਫ ਥਾਣਾ ਸਦਰ ਵਿਚ 452, 427, 506 ਤੇ 34 ਆਈ. ਪੀ. ਸੀ. ਦਾ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
