ਕੈਨੇਡਾ ’ਚ ਆਮ ਚੋਣਾਂ ਤੋਂ ਪਹਿਲਾਂ ਟਰੂਡੋ ਸਰਕਾਰ ਲਈ ਖ਼ਤਰੇ ਦੀ ਘੰਟੀ, 82 ਫੀਸਦੀ ਲੋਕ ਬੋਲੇ-ਦੇਸ਼ ’ਚ ਆਰਥਿਕ ਮੰਦੀ!

01/10/2024 5:39:54 PM

ਜਲੰਧਰ (ਇੰਟ.) : ਕੈਨੇਡਾ ’ਚ 2025 ’ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਸਰਵੇਖਣ ਸਾਹਮਣੇ ਆ ਰਹੇ ਹਨ, ਜੋ ਇਕ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਲਈ ਖ਼ਤਰੇ ਦੀ ਘੰਟੀ ਹੈ। ਹਾਲ ਹੀ ’ਚ ਇਕ ਅਜਿਹਾ ਸਰਵੇਖਣ ਸਾਹਮਣੇ ਆਇਆ ਹੈ ਜਿਸ ’ਚ ਕਿਹਾ ਗਿਆ ਹੈ ਕਿ 82 ਫੀਸਦੀ ਕੈਨੇਡੀਅਨ ਨਾਗਰਿਕਾਂ ਨੂੰ ਲੱਗਦਾ ਹੈ ਕਿ ਦੇਸ਼ ਆਰਥਿਕ ਮੰਦੀ ’ਚੋਂ ਲੰਘ ਰਿਹਾ ਹੈ। ਪੋਲਾਰਾ ਸਟ੍ਰੈਟੇਜਿਕ ਇਨਸਾਈਟਸ ਵੱਲੋਂ ਕਰਵਾਏ ਗਏ ਇਸ ਸਰਵੇਖਣ ’ਚ ਪਾਇਆ ਗਿਆ ਹੈ ਕਿ ਕੈਨੇਡੀਅਨ ਨਾਗਰਿਕ ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਨਿਰਾਸ਼ਾਵਾਦੀ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ 2024 ’ਚ ਵੀ ਅਰਥਵਿਵਸਥਾ ਮੁੜ ਲੀਹ ’ਤੇ ਨਹੀਂ ਆਵੇਗੀ। ਇਹ ਸਰਵੇਖਣ ਮਹਿੰਗਾਈ ਅਤੇ ਬੁਨਿਆਦੀ ਸਹੂਲਤਾਂ ’ਤੇ ਆਧਾਰਿਤ ਹੈ।

ਇਹ ਵੀ ਪੜ੍ਹੋ : ਗਰਮੀਆਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ,  PSPCL ਨੂੰ ਸਖ਼ਤ ਹੁਕਮ ਜਾਰੀ 

ਅਰਥਵਿਵਸਥਾ ’ਚ ਬਦਲਾਅ ਦੀ ਉਮੀਦ ਘੱਟ
ਪੋਲਾਰਾ ਸਟ੍ਰੈਟੇਜਿਕ ਇਨਸਾਈਟਸ ਵੱਲੋਂ ਕਰਵਾਏ ਗਏ ਆਨਲਾਈਨ ਸਰਵੇਖਣ ’ਚ ਕਿਹਾ ਗਿਆ ਹੈ ਕਿ 52 ਫੀਸਦੀ ਉੱਤਰਦਾਤਿਆਂ ਦਾ ਮੰਨਣਾ ਹੈ ਕਿ ਕੈਨੇਡੀਅਨ ਅਰਥਵਿਵਸਥਾ ਇਸ ਸਾਲ ਵਿਗੜ ਜਾਵੇਗੀ, ਜਦੋਂ ਕਿ 24 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਰਥਵਿਵਸਥਾ ’ਚ ਕੋਈ ਬਦਲਾਅ ਨਹੀਂ ਹੋਵੇਗਾ। ਉੱਥੇ ਹੀ, 15 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਇਸ ’ਚ ਸੁਧਾਰ ਹੋਵੇਗਾ। ਕੈਨੇਡੀਅਨ ਅਰਥਵਿਵਸਥਾ ਨੂੰ ਲੈ ਕੇ ਸਭ ਤੋਂ ਵੱਧ ਨਿਰਾਸ਼ਾਵਾਦੀ ਲੋਕ ਓਂਟਾਰੀਓ ’ਚ ਹਨ, ਜਦੋਂ ਕਿ ਸਭ ਤੋਂ ਘੱਟ ਨਿਰਾਸ਼ਾਵਾਦੀ ਕਿਊਬਿਕ ’ਚ ਹਨ। 46 ਫੀਸਦੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ 2024 ’ਚ ਵਿੱਤੀ ਤੌਰ ’ਤੇ ਪੱਛੜਨ ਦੀ ਸੰਭਾਵਨਾ ਹੈ, ਜਦੋਂ ਕਿ 38 ਫੀਸਦੀ ਨੂੰ ਰਫਤਾਰ ਜਾਰੀ ਰੱਖਣ ਦੀ ਉਮੀਦ ਹੈ। 8 ਫੀਸਦੀ ਦਾ ਮੰਨਣਾ ਹੈ ਕਿ ਉਹ ਰਫਤਾਰ ਬਣਾਈ ਰੱਖਣ ਤੋਂ ਕਿਤੇ ਵੱਧ ਪਿੱਛੇ ਰਹਿਣਗੇ।

ਇਹ ਵੀ ਪੜ੍ਹੋ : ਪਾਸਪੋਰਟ ਬਣਾਉਣ ਦੇ ਮਾਮਲੇ 'ਚ ਪੰਜਾਬੀਆਂ ਨੇ ਤੋੜੇ ਸਾਰੇ ਰਿਕਾਰਡ, ਹੈਰਾਨ ਕਰ ਦੇਣਗੇ ਅੰਕੜੇ

ਭੋਜਨ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ ਲੋਕ
ਕਰਿਆਨੇ ਦੀਆਂ ਵਸਤਾਂ ਦੀਆਂ ਕੀਮਤਾਂ ਵੀ ਕੈਨੇਡੀਅਨ ਲੋਕਾਂ ਲਈ ਸਭ ਤੋਂ ਵੱਡੀ ਵਿੱਤੀ ਚਿੰਤਾ ਬਣੀਆਂ ਹੋਈਆਂ ਹਨ, 44 ਫੀਸਦੀ ਲੋਕਾਂ ਨੇ ਭੋਜਨ ਦੀ ਲਾਗਤ ਨੂੰ ਤਣਾਅ ਦਾ ਇਕ ਵੱਡਾ ਕਾਰਨ ਦੱਸਿਆ ਹੈ। ਇਸ ਤੋਂ ਬਾਅਦ ਰਿਹਾਇਸ਼ੀ ਖਰਚੇ, ਗੈਸ ਦੀਆਂ ਕੀਮਤਾਂ ਅਤੇ ਹੀਟਿੰਗ ਬਿੱਲ ਆਉਂਦੇ ਹਨ। ਗੈਸ ਦੀਆਂ ਕੀਮਤਾਂ ਨੂੰ ਲੈ ਕੇ ਤਣਾਅ ਪਿਛਲੇ ਸਾਲ ਨਾਲੋਂ ਘੱਟ ਹੋ ਗਿਆ ਹੈ, ਕਿਉਂਕਿ ਜੂਨ 2022 ’ਚ ਗੈਸ ਦੀਆਂ ਕੀਮਤਾਂ ਆਪਣੇ ਸਿਖਰ ’ਤੇ ਪਹੁੰਚਣ ਤੋਂ ਬਾਅਦ ਕਾਫ਼ੀ ਘੱਟ ਹੋ ਗਈਆਂ ਹਨ। ਜ਼ਿਆਦਾਤਰ ਸ਼ਹਿਰਾਂ ’ਚ ਇਹ 2 ਡਾਲਰ ਪ੍ਰਤੀ ਲਿਟਰ ਤੋਂ ਵੱਧ ਹੋ ਗਈਆਂ ਹਨ। ਕਰਿਆਨੇ ਦੀਆਂ ਦੁਕਾਨਾਂ ’ਤੇ ਭੋਜਨ ਦੀ ਕੀਮਤ ਸਾਰੇ ਖੇਤਰਾਂ ਅਤੇ ਉਮਰ ਵਰਗਾਂ ’ਚ ਇਕ ਪ੍ਰਮੁੱਖ ਚਿੰਤਾ ਦਾ ਵਿਸ਼ਾ ਹੈ।

ਘਰ ਦੇ ਹੀਟਿੰਗ ਦੇ ਬਿੱਲ ਵੀ ਚਿੰਤਾ ਦਾ ਕਾਰਨ
ਹਾਲਾਂਕਿ, ਅਟਲਾਂਟਿਕ ਕੈਨੇਡਾ ਦੇ ਲੋਕ ਹੋਰ ਖੇਤਰਾਂ ਦੇ ਮੁਕਾਬਲੇ ਘਰੇਲੂ ਹੀਟਿੰਗ ਬਿੱਲਾਂ ਬਾਰੇ ਵਧੇਰੇ ਚਿੰਤਤ ਹੋਣ ਦੀ ਸੰਭਾਵਨਾ ਰੱਖਦੇ ਹਨ। ਅਟਲਾਂਟਿਕ ਦੇ 37 ਫੀਸਦੀ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਤਣਾਅ ਦਾ ਇਕ ਵੱਡਾ ਕਾਰਨ ਹੈ। ਅਟਲਾਂਟਿਕ ਕੈਨੇਡਾ ’ਚ ਲਗਭਗ ਇਕ-ਤਿਹਾਈ ਘਰ ਘਰੇਲੂ ਹੀਟਿੰਗ ਤੇਲ ’ਤੇ ਨਿਰਭਰ ਹਨ, ਜੋ ਹੋਰ ਕਿਸਮ ਦੀਆਂ ਘਰੇਲੂ ਹੀਟਿੰਗ ਪ੍ਰਣਾਲੀਆਂ ਦੇ ਮੁਕਾਬਲੇ ਵੱਧ ਮਹਿੰਗਾ ਹੈ। ਕੈਨੇਡੀਅਨ ਨੌਜਵਾਨ ਵੀ ਰਿਹਾਇਸ਼ੀ ਖਰਚਿਆਂ ਨੂੰ ਇਕ ਪ੍ਰਮੁੱਖ ਤਣਾਅ ਵਜੋਂ ਪਛਾਣਨ ਦੀ ਵੱਧ ਸੰਭਾਵਨਾ ਰੱਖਦੇ ਹਨ। 18 ਤੋਂ 34 ਸਾਲ ਦੀ ਉਮਰ ਦੇ ਉੱਤਰਦਾਤਿਆਂ ’ਚੋਂ 45 ਫੀਸਦੀ ਨੇ ਕਿਹਾ ਕਿ ਇਹ ਤਣਾਅ ਦਾ ਇਕ ਵੱਡਾ ਕਾਰਨ ਸੀ, ਜਦੋਂ ਕਿ 65 ਅਤੇ ਇਸ ਤੋਂ ਵੱਧ ਉਮਰ ਦੇ ਸਿਰਫ 19 ਫੀਸਦੀ ਨੇ ਹੀ ਇਸ ਗੱਲ ਨੂੰ ਸਵੀਕਾਰ ਕੀਤਾ।

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਕਾਰਨ 18 ਸਾਲਾ ਨੌਜਵਾਨ ਦੀ ਮੌਤ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News