ਅੰਮ੍ਰਿਤਸਰ ਰੇਲ ਹਾਦਸੇ 'ਚ 70 ਲੋਕਾਂ ਦੀ ਮੌਤ, ਆਪਣਿਆਂ ਨੂੰ ਲੱਭ ਰਹੀਆਂ ਨੇ ਹੰਝੂਆਂ ਭਰੀਆਂ ਅੱਖਾਂ
Saturday, Oct 20, 2018 - 10:56 AM (IST)

ਅੰਮ੍ਰਿਤਸਰ, (ਜਗ ਬਾਣੀ ਟੀਮ)–ਪੰਜਾਬ ਵਿਚ ਅੰਮ੍ਰਿਤਸਰ ਦੇ ਨੇੜੇ ਸ਼ੁੱਕਰਵਾਰ ਸ਼ਾਮ ਰਾਵਣ ਸੜਦਾ ਵੇਖਣ ਲਈ ਰੇਲਵੇ ਪਟੜੀ ’ਤੇ ਖੜ੍ਹੇ ਲੋਕਾਂ ’ਤੇ ਟਰੇਨ ਚੜ੍ਹਨ ਨਾਲ ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਹੋ ਗਈ। ਟਰੇਨ ਪਠਾਨਕੋਟ ਤੋਂ ਅੰਮ੍ਰਿਤਸਰ ਆ ਰਹੀ ਸੀ ਤਾਂ ਜੌੜਾ ਫਾਟਕ ’ਤੇ ਇਹ ਹਾਦਸਾ ਵਾਪਰਿਆ। ਮੌਕੇ ’ਤੇ ਘੱਟ ਤੋਂ ਘੱਟ 300 ਲੋਕ ਮੌਜੂਦ ਸਨ, ਜੋ ਪਟੜੀਆਂ ਦੇ ਕੋਲ ਇਕ ਮੈਦਾਨ ’ਚ ਰਾਵਣ ਸੜਦਾ ਵੇਖ ਰਹੇ ਸਨ। ਅੰਮ੍ਰਿਤਸਰ ਦੇ ਐੱਸ. ਡੀ. ਐੱਮ. (1) ਰਾਜੇਸ਼ ਸ਼ਰਮਾ ਨੇ ਦੱਸਿਆ ਕਿ 70 ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਘੱਟ ਤੋਂ ਘੱਟ 50 ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਜਿਸ ਵੇਲੇ ਵਾਪਰਿਅਾਂ, ਉਸ ਵੇਲੇ ਉਥੇ ਰਾਵਣ ਸੜਦਾ ਵੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਇਸੇ ਦੌਰਾਨ ਡੀ. ਐੱਮ. ਯੂ. ਟਰੇਨ (74943) ਉਥੋਂ ਲੰਘ ਰਹੀ ਸੀ। ਰਾਵਣ ਦਹਿਨ ਮੌਕੇ ਪਟਾਕਿਆਂ ਦੀ ਤੇਜ਼ ਆਵਾਜ਼ ਕਾਰਨ ਟਰੇਨ ਦਾ ਹਾਰਨ ਲੋਕਾਂ ਨੂੰ ਸੁਣਾਈ ਨਹੀਂ ਦਿੱਤਾ, ਜਿਸ ਦੀ ਵਜ੍ਹਾ ਨਾਲ ਇਹ ਹਾਦਸਾ ਹੋ ਗਿਆ। ਪਿਛਲੇ ਕਈ ਸਾਲਾਂ ਤੋਂ ਇਥੇ ਦੁਸਹਿਰੇ ਮੌਕੇ ਰਾਵਣ ਸਾੜਨ ਦਾ ਆਯੋਜਨ ਕੀਤਾ ਜਾਂਦਾ ਹੈ। ਚਸ਼ਮਦੀਦਾਂ ਮੁਤਾਬਕ ਇਸ ਸਾਲ ਵੀ ਇਥੇ ਰਾਵਣ ਸਾੜਨ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਪਟਾਕਿਆਂ ਦੀ ਆਵਾਜ਼ ਤੇਜ਼ ਹੋਣ ਕਾਰਨ ਉਥੇ ਮੌਜੂਦ ਲੋਕ ਟਰੇਨ ਦਾ ਹਾਰਨ ਨਹੀਂ ਸੁਣ ਸਕੇ ਅਤੇ ਇਹ ਘਟਨਾ ਵਾਪਰ ਗਈ। ਘਟਨਾ ਤੋਂ ਬਾਅਦ ਪੁਲਸ, ਜੀ. ਆਰ. ਪੀ. ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ’ਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਹੰਝੂਆਂ ਭਰੀਆਂ ਅੱਖਾਂ ਆਪਣੇ ਰਿਸ਼ਤੇਦਾਰਾਂ ਨੂੰ ਲੱਭ ਰਹੀਆਂ ਹਨ।
150 ਮੀਟਰ ਤੱਕ ਖਿੱਲਰੀਆਂ ਲਾਸ਼ਾਂ :
ਪੁਲਸ ਨੇ ਦੱਸਿਆ ਕਿ ਇਕ ਟਰੇਨ ਪਠਾਨਕੋਟ ਤੋਂ ਅੰਮ੍ਰਿਤਸਰ ਆ ਰਹੀ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਪਟਾਕਿਆਂ ਦੇ ਸ਼ੋਰ ’ਚ ਲੋਕ ਟਰੇਨ ਦੀ ਆਵਾਜ਼ ਨਹੀਂ ਸੁਣ ਸਕੇ। ਘਟਨਾ ਵਾਲੀ ਥਾਂ ’ਤੇ 100 ਤੋਂ 150 ਮੀਟਰ ਦੇ ਦਾਇਰੇ ਵਿਚ ਲਾਸ਼ਾਂ ਖਿੱਲਰੀਆਂ ਹਨ। ਮੌਕੇ ’ਤੇ ਐੱਨ. ਡੀ. ਆਰ. ਐੱਫ. ਦੀ ਟੀਮ ਰਾਹਤ ਕਾਰਜਾਂ ਵਿਚ ਜੁਟੀ ਹੋਈ ਹੈ।
1947 ਦੇ ਦੰਗਿਆਂ ਵਰਗਾ ਸੀ ਭਿਆਨਕ ਦ੍ਰਿਸ਼ :
ਘਟਨਾ ਵਾਲੀ ਥਾਂ ਦੇ ਕੋਲ ਕਾਫੀ ਲੋਕ ਪਰਿਵਾਰਕ ਮੈਂਬਰਾਂ ਨੂੰ ਲੱਭ ਰਹੇ ਸਨ। ਮੌਕੇ ’ਤੇ ਚਾਰੇ ਪਾਸੇ ਚੀਕ-ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਥੇ ਸਭ ਕੁਝ ਇੰਨਾ ਦੁਖੀ ਕਰਨ ਵਾਲਾ ਸੀ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਸੀ। ਟਰੈਕ ਦੇ ਨੇੜੇ ਦਾ ਦ੍ਰਿਸ਼ 1947 ’ਚ ਦੇਸ਼ ਦੀ ਵੰਡ ਸਮੇਂ ਹੋਏ ਦੰਗਿਆਂ ਵਰਗਾ ਹੋ ਗਿਆ ਸੀ, ਜਿਥੇ ਲਾਸ਼ਾਂ ਬਹੁਤ ਬੁਰੀ ਹਾਲਤ ਵਿਚ ਪਈਆਂ ਹੋਈਆਂ ਸਨ।
ਗ੍ਰਹਿ ਸਕੱਤਰ, ਸਿਹਤ ਸਕੱਤਰ ਅਤੇ ਏ. ਡੀ. ਜੀ. ਪੀ. ਨੂੰ ਅੰਮ੍ਰਿਤਸਰ ਪਹੁੰਚਣ ਦੇ ਨਿਰਦੇਸ਼:
ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦੇ ਗ੍ਰਹਿ ਸਕੱਤਰ, ਸਿਹਤ ਸਕੱਤਰ ਅਤੇ ਏ. ਡੀ. ਜੀ. ਪੀ. ਕਾਨੂੰਨ ਵਿਵਸਥਾ ਨੂੰ ਤੁਰੰਤ ਅੰਮ੍ਰਿਤਸਰ ਪਹੁੰਚਣ ਲਈ ਕਿਹਾ ਹੈ। ਮਾਲ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੂੰ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ਚਲਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਰੇਲ ਮੰਤਰੀ ਪਿਊਸ਼ ਗੋਇਲ ਨੇ ਵਿਦੇਸ਼ ਦੌਰਾ ਕੀਤਾ ਰੱਦ:
ਰਾਵਣ ਦਹਿਨ ਮੌਕੇ ਅੰਮ੍ਰਿਤਸਰ ਵਿਚ ਹੋਏ ਰੇਲ ਹਾਦਸੇ ਦੇ ਕਾਰਨ ਰੇਲ ਮੰਤਰੀ ਪਿਊਸ਼ ਗੋਇਲ ਨੇ ਆਪਣਾ ਅਮਰੀਕਾ ਦਾ ਵਿਦੇਸ਼ ਦੌਰਾ ਵਿਚਾਲੇ ਰੱਦ ਕਰ ਦਿੱਤਾ ਹੈ। ਉਹ ਛੇਤੀ ਤੋਂ ਛੇਤੀ ਭਾਰਤ ਵਾਪਸ ਆ ਰਹੇ ਹਨ।
ਇਸ ਹਾਦਸੇ ਕਾਰਨ ਬੜਾ ਦੁਖੀ ਹਾਂ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਅੰਮ੍ਰਿਤਸਰ ਵਿਚ ਹੋਏ ਰੇਲ ਹਾਦਸੇ ਨੂੰ ਲੈ ਕੇ ਮੈਂ ਬਹੁਤ ਦੁਖੀ ਹਾਂ। ਇਹ ਘਟਨਾ ਦਿਲ ਦਹਿਲਾਉਣ ਵਾਲੀ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਮੇਰੀ ਪੂਰੀ ਹਮਦਰਦੀ ਹੈ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਜਿਹੜੇ ਲੋਕ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਹਨ, ਉਹ ਛੇਤੀ ਤੋਂ ਛੇਤੀ ਸਿਹਤਮੰਦ ਹੋ ਜਾਣ।
ਸ਼ਵੇਤ ਮਲਿਕ ਵੱਲੋਂ ਅੰਮ੍ਰਿਤਸਰ ਬੰਦ ਦਾ ਐਲਾਨ :
ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਰੇਲ ਹਾਦਸੇ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਕਰਦਿਅਾਂ ਇਸ ਸਬੰਧੀ ਅੱਜ 20 ਅਕਤੂਬਰ ਨੂੰ ਅੰਮ੍ਰਿਤਸਰ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਨੇ ਪੂਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਸ ਦੁੱਖ ਦੀ ਘਡ਼ੀ ’ਚ ਭਾਜਪਾ ਪੀਡ਼ਤ ਪਰਿਵਾਰਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨਾ ਨਾਸਮਝੀ ਹੈ, ਜਿਸ ਨੇ ਸੈਂਕਡ਼ੇ ਨਿਰਦੋਸ਼ ਅਤੇ ਮਾਸੂਮ ਲੋਕਾਂ ਦੀ ਜਾਨ ਲੈ ਲਈ ਹੈ।
ਪੰਜਾਬ ਸਰਕਾਰ ਵੱਲੋਂ ਇਕ ਦਿਨ ਦੇ ਸੋਗ ਦਾ ਐਲਾਨ
ਅੰਮ੍ਰਿਤਸਰ ’ਚ ਹੋਏ ਦੁਖਦਾਈ ਟਰੇਨ ਹਾਦਸੇ ਦੇ ਸਬੰਧ ’ਚ ਪੰਜਾਬ ਵਿਚ ਸਰਕਾਰੀ ਸੋਗ ਦਾ ਐਲਾਨ ਕਰਦਿਆਂ ਪੰਜਾਬ ਸਰਕਾਰ ਵਲੋਂ ਸ਼ਨੀਵਾਰ ਨੂੰ ਸਾਰੇ ਸਰਕਾਰੀ ਦਫਤਰ ਅਤੇ ਸਾਰੇ ਸਕੂਲ-ਕਾਲਜ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਰੇਲਵੇ ਵਲੋਂ ਹੈਲਪਲਾਈਨ ਨੰਬਰ ਜਾਰੀ-
ਅੰਮ੍ਰਿਤਸਰ ਰਾਵਣ ਦਹਿਨ ਮੌਕੇ ਵਾਪਰੇ ਟਰੇਨ ਹਾਦਸੇ ’ਚ ਮਾਰੇ ਗਏ ਲੋਕਾਂ ਅਤੇ ਜ਼ਖ਼ਮੀਆਂ ਬਾਰੇ ਜਾਣਕਾਰੀ ਲਈ ਰੇਲਵੇ ਵਲੋਂ ਹੈਲਪਲਾਈਨ ਨੰਬਰ 0183-2223171 ਅਤੇ 0183-2564485 ਜਾਰੀ ਕੀਤੇ ਗਏ ਹਨ।