ਅੰਮ੍ਰਿਤਸਰ ਟਰੇਨ ਹਾਦਸੇ ਦੇ ਪੀੜਤ ਪਰਿਵਾਰਾਂ ਵੱਲੋਂ ਲਗਾਇਆ ਧਰਨਾ 22 ਤੱਕ ਮੁਲਤਵੀ

10/08/2019 3:30:28 PM

ਅੰਮ੍ਰਿਤਸਰ (ਸੁਮਿਤ ਖੰਨਾ) : 19 ਅਕਤੂਬਰ 2018 ਨੂੰ ਦੁਸਹਿਰੇ ਮੌਕੇ ਜੋੜਾ ਫਾਟਕ 'ਤੇ ਵਾਪਰੇ ਭਿਆਨਕ ਰੇਲ ਹਾਦਸੇ ਵਿਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਉਸ ਸਮੇਂ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨਾਲ ਕਈ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਜੋ ਕਿ ਇਕ ਸਾਲ ਬੀਤ ਜਾਣ ਦੇ ਬਾਅਦ ਵੀ ਪੂਰੇ ਨਹੀਂ ਕੀਤੇ ਗਏ, ਜਿਸ ਨੂੰ ਦੇਖਦੇ ਹੋਏ ਅੱਜ ਦੁਸਹਿਰੇ ਵਾਲੇ ਦਿਨ ਪੀੜਤ ਪਰਿਵਾਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਜੋੜਾ ਫਾਟਕ ਨੇੜੇ 5 ਘੰਟੇ ਤੋਂ ਧਰਨਾ ਦਿੱਤਾ ਜਾ ਰਿਹਾ ਸੀ ਜੋ ਕਿ ਸਹਿਮਤੀ ਪਿੱਛੋਂ 22 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਮੌਕੇ 'ਤੇ ਪੁੱਜੇ ਅੰਮ੍ਰਿਤਸਰ ਦੇ ਐਸ.ਡੀ.ਐਮ. ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਮੌਕੇ 'ਤੇ ਮੌਜੂਦ ਪੀੜਤ ਪਰਿਵਾਰਾਂ ਅਤੇ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਜੇ 22 ਅਕਤੂਬਰ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਸੇ ਜਗ੍ਹਾ 'ਤੇ ਧਰਨਾ ਦਿੱਤਾ ਜਾਵੇਗਾ ਤਾਂ ਜੋ ਇਨ੍ਹਾਂ ਲੋਕਾਂ ਨੂੰ ਇਨਸਾਫ ਮਿਲ ਸਕੇ।

ਇਹ ਹਨ ਪੀੜਤਾਂ ਦੀਆਂ ਮੰਗਾਂ
ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ, ਬੱਚਿਆਂ ਲਈ ਵਧੀਆਂ ਸਕੂਲਾਂ ਵਿਚ ਪੜ੍ਹਾਈ ਦਾ ਪ੍ਰਬੰਧ, ਹਰ ਮਹੀਨੇ ਰਾਸ਼ਨ ਦੇਣ ਦਾ ਪ੍ਰਬੰਧ, ਪੈਨਸ਼ਨ, ਹਾਦਸੇ ਦੀ ਰਿਪੋਰਟ ਜਨਤਕ ਕਰਕੇ ਦੋਸ਼ੀਆਂ 'ਤੇ ਕਾਰਵਾਈ ਦੀ ਮੰਗ ਅਤੇ ਸਿੱਧੂ 'ਤੇ ਵਾਅਦਾਖਿਲਾਫੀ ਦਾ ਦਰਜ ਕਰਨ ਆਦਿ ਮੰਗਾਂ ਸ਼ਾਮਲ ਹਨ।

ਮਿਲੀ ਜਾਣਕਾਰੀ ਮੁਤਾਬਕ ਪੀੜਤ ਪਰਿਵਾਰਾਂ ਨੇ ਟਰੇਨ ਨੂੰ ਰੋਕਣ ਦੀ ਰਣਨੀਤੀ ਬਣਾਈ ਸੀ, ਜਿਸ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਟਰੈਕ 'ਤੇ ਜਾਣ ਤੋਂ ਰੋਕਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ। ਲੋਕ ਜਦੋਂ ਰੇਲਵੇ ਟਰੈਕ ਵੱਲ ਵਧ ਰਹੇ ਸਨ ਤਾਂ ਪੁਲਸ ਨੇ ਬੈਰੀਕੇਟ ਲਗਾ ਕੇ ਉਨ੍ਹਾਂ ਨੂੰ ਪਿੱਛੇ ਹੀ ਰੋਕ ਦਿੱਤਾ, ਜਿਸ ਨੂੰ ਦੇਖਦੇ ਹੋਏ ਪੀੜਤ ਪਰਿਵਾਰ ਨੇ ਸਰਕਾਰ ਅਤੇ ਸਿੱਧੂ ਪਰਿਵਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਸੜਕ 'ਤੇ ਹੀ ਧਰਨਾ ਲਗਾ ਦਿੱਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀ ਅਤੇ ਪੰਜਾਬ ਪੁਲਸ ਵਿਚ ਬਹਿਸ ਵੀ ਹੋਈ। ਦੱਸ ਦੇਈਏ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਹੁਦੇਦਾਰਾਂ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਵਰਕਰਾਂ ਨੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਅਗਵਾਈ ਵਿਚ ਪੀੜਤਾਂ ਦੇ ਹੱਕ ਵਿਚ ਅੰਮ੍ਰਿਤਸਰ ਵਿਚ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ ਅਤੇ ਪੀੜਤਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ ਸੀ।


cherry

Content Editor

Related News