ਟਰੇਨ ਹਾਦਸੇ ਦੇ 16 ਘੰਟਿਆਂ ਬਾਅਦ ਅੰਮ੍ਰਿਤਸਰ ਪੁੱਜੇ ਕੈਪਟਨ, ਮ੍ਰਿਤਕਾਂ ਲਈ ਤਿੰਨ ਕਰੋੜ ਕੀਤੇ ਜਾਰੀ (ਵੀਡੀਓ)

10/20/2018 6:57:36 PM

ਅੰਮ੍ਰਿਤਸਰ (ਅਵਦੇਸ਼)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ 'ਚ ਬੀਤੇ ਦਿਨ ਹੋਏ ਟਰੇਨ ਹਾਦਸੇ ਦੇ 16 ਘੰਟਿਆਂ ਬਾਅਦ ਜਾਇਜ਼ਾ ਲੈਣ ਲਈ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਹਸਪਤਾਲ, ਸਿਵਲ ਹਸਪਤਾਲ ਅਤੇ ਅਮਨ ਹਸਪਤਾਲ 'ਚ ਜ਼ਖਮੀਆਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਕੈਪਟਨ ਨੇ ਪੀੜਤਾਂ ਲਈ ਪ੍ਰਸ਼ਾਸਨ ਨੂੰ ਤਿੰਨ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਦੇ ਨਾਲ ਸੁਨੀਲ ਜਾਖੜ ਸਮੇਤ ਡੀ. ਜੀ. ਪੀ. ਸੁਰੇਸ਼ ਅਰੋੜਾ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੌਜੂਦ ਸਨ। ਇਕ ਪਾਸੇ ਜਿੱਥੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕੈਪਟਨ ਨੇ ਜ਼ਖਮੀਆਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ, ਉਥੇ ਹੀ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਆਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਇਹ ਸਮਾਂ ਤੂੰ-ਤੂੰ, ਮੈਂ-ਮੈਂ ਦਾ ਨਹੀਂ ਹੈ ਸਗੋਂ ਇਕੱਠੇ ਹੋ ਕੇ ਮਦਦ ਕਰਨ ਦਾ ਸਮਾਂ ਹੈ।

PunjabKesari

ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਕਰਨ ਦੀ ਬਜਾਏ ਸਾਰੀਆਂ ਪਾਰਟੀਆਂ ਇਕੱਠੇ ਆ ਕੇ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਦੇ ਨਾਲ ਪੂਰੇ ਹਿੰਦੋਸਤਾਨ ਨੂੰ ਡੂੰਘਾ ਦੁੱਖ ਪੁੱਜਿਆ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਲਈ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ 4 ਹਫਤਿਆਂ 'ਚ ਹਰ ਪਹਿਲੂ 'ਤੇ ਜਾਂਚ ਕੀਤੀ ਜਾਵੇਗੀ ਅਤੇ ਜਾਂਚ 'ਚ ਸਾਫ ਹੋਵੇਗਾ ਕਿ ਪ੍ਰੋਗਰਾਮ ਦੀ ਇਜਾਜ਼ਤ ਦਿੱਤੀ ਗਈ ਸੀ ਜਾਂ ਨਹੀ। ਕੈਪਨਟ ਨੇ ਮ੍ਰਿਤਕਾਂ ਲਈ ਤਿੰਨ ਕਰੋੜ ਰੁਪਏ ਦੀ ਰਾਹਤ ਤੁਰੰਤ ਅੰਮ੍ਰਿਤਸਰ ਦੇ ਡੀ. ਸੀ. ਨੂੰ ਪਹੁੰਚਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਰੇਲਵੇ ਵਿਭਾਗ ਆਪਣੇ ਪੱਧਰ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਰੇਲ ਟਰੈਕ ਦੇ ਕੋਲ ਅਜਿਹੇ ਪ੍ਰੋਗਰਾਮ ਨਾ ਕਰਵਾਏ ਜਾਣ।

PunjabKesari
ਕੈਪਟਨ ਨੇ ਲੋਕਾਂ ਵੱਲੋਂ ਹਾਦਸੇ ਪਿੱਛੇ ਦੁਸਹਿਰਾ ਮੇਲਾ ਕਰਵਾਉਣ ਵਾਲੇ ਕਾਂਗਰਸੀ ਕੌਂਸਲਰ ਵਿਰੁੱਧ ਕਾਰਵਾਈ ਦੀ ਮੰਗ ਅਤੇ ਵਿਰੋਧੀਆਂ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਦੇ ਦੇਰੀ ਨਾਲ ਪਹੁੰਚਣ ਕਾਰਨ ਰੇਲ ਲਾਈਨ 'ਤੇ ਲੋਕਾਂ ਦੇ ਮੌਜੂਦ ਹੋਣ ਸਬੰਧੀ ਚੁੱਕੇ ਸਵਾਲਾਂ ਬਾਰੇ ਕੈਪਟਨ ਨੇ ਕਿਹਾ ਕਿ ਇਹ ਸਮਾਂ ਇਕ-ਦੂਜੇ 'ਤੇ ਦੋਸ਼ ਲਗਾਉਣ ਦਾ ਨਹੀਂ ਹੈ। ਉਨ੍ਹਾਂ ਨਵਜੋਤ ਸਿੱਧੂ ਵੱਲੋਂ ਇਸ ਹਾਦਸੇ ਨੂੰ ਪ੍ਰਮਾਤਮਾ ਦਾ ਪ੍ਰਕੋਪ ਕਹੇ ਜਾਣ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਨਹੀਂ ਸਮਝਣਾ ਚਾਹੀਦਾ।

PunjabKesari
ਦੱਸ ਦੇਈਏ ਕਿ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ 'ਚ ਜੌੜਾ ਫਾਟਕ ਨੇੜੇ ਬੜੀ ਹੀ ਧੂਮ-ਧਾਮ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਜਦੋਂ ਰਾਵਣ ਨੂੰ ਸਾੜਨ ਦੀ ਵਾਰੀ ਆਈ ਤਾਂ ਉਸ ਸਮੇਂ ਫਾਟਕ ਤੋਂ ਲੰਘ ਰਹੀ ਟਰੇਨ ਨੇ ਕਈ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ 'ਚ ਕਰੀਬ 60 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ ਹਨ।


Related News