ਅੰਮ੍ਰਿਤਧਾਰੀ ਨਹੀਂ, ਪਤਿਤ ਹੈ ਸੁਖਬੀਰ ਬਾਦਲ (ਵੀਡੀਓ)

09/09/2018 11:04:48 AM

ਅੰਮ੍ਰਿਤਸਰ (ਸੁਮਿਤ, ਮਮਤਾ, ਸੂਰੀ) : ਸੁਖਬੀਰ ਬਾਦਲ ਅੰਮ੍ਰਿਤਸਰਧਾਰੀ ਨਹੀਂ ਪਤਿਤ ਹੋ ਚੁੱਕਾ ਹੈ ਤੇ ਸਿੱਖ ਪੰਥ ਦਾ ਉਸ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਇਹ ਕਹਿਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਰਖਾਸਤ ਕੀਤੇ ਪੰਜ ਪਿਆਰਿਆਂ ਦਾ। ਇਸ ਦੌਰਾਨ ਪੰਜ ਪਿਆਰਿਆਂ ਨੇ ਜਿੱਥੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ, ਉਥੇ ਹੀ ਸੁਖਬੀਰ ਬਾਦਲ 'ਤੇ ਵੀ ਨਿਸ਼ਾਨਾ ਸਾਧਿਆ। 

ਪ੍ਰੈੱਸ ਕਾਨਫਰੰਸ ਦੌਰਾਨ ਪੰਜ ਸਿੰਘ ਸਹਿਬਾਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਪਿੰਡ ਬੁਰਜ ਜਵਾਹਰ ਕੇ ਵਿਖੇ ਘਟਨਾ ਹੋਈ, ਜਿਸ ਸਬੰਧੀ ਗੁਰੂ, ਪੰਥ ਦੋਖੀਆਂ ਵਲੋਂ ਸਮੂਹ ਸਿੱਖ ਪੰਥ ਨੂੰ ਸ਼ਰੇਆਮ ਇਸ਼ਤਿਹਾਰ ਲਾ ਕੇ ਵੰਗਾਰਿਆ ਗਿਆ ਪਰ ਪੰਥਕ ਸਰਕਾਰ ਵਲੋਂ ਉਸ ਵੇਲੇ ਕੁਝ ਵੀ ਨਹੀਂ ਕੀਤਾ ਗਿਆ। ਇੰਨਾ ਹੀ ਨਹੀਂ, ਉਸ ਵੇਲੇ ਦੀ ਬਾਦਲ ਸਰਕਾਰ ਵਲੋਂ ਦੋਸ਼ੀਆਂ ਨੂੰ ਲੱਭ ਕੇ ਸਜ਼ਾ ਦੇਣ ਦੀ ਬਜਾਏ 12-13 ਅਕਤੂਬਰ 2015 ਦੀ ਰਾਤ ਨੂੰ ਲੱਗੇ ਸ਼ਾਂਤਮਈ ਧਰਨੇ 'ਚ ਬੈਠੇ ਸਿੰਘਾਂ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਕੇ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। 14 ਅਕਤੂਬਰ 2015 ਨੂੰ ਬਹਿਬਲ ਕਲਾਂ ਤੇ ਕੋਟਕਪੁਰਾਂ ਵਿਖੇ ਸਿੱਖ ਸੰਗਤ 'ਤੇ ਪੁਲਸ ਵਲੋਂ ਢਾਹੇ ਕਹਿਰ ਦੌਰਾਨ 2 ਸਿੰਘ ਸ਼ਹੀਦ ਹੋਏ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਅਸਲੀ ਚਿਹਰਾ ਸਾਹਮਣੇ ਆਇਆ। ਉਸ ਸਮੇਂ ਮੁੱਖ ਮੰਤਰੀ, ਗ੍ਰਹਿ ਮੰਤਰੀ, ਪੁਲਸ ਮੁਖੀ ਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੋਸ਼ੀਆਂ ਦੀ ਕਤਾਰ 'ਚ ਖੜ੍ਹੇ ਦਿਖਾਈ ਦਿੱਤੇ। 

ਸਰਕਾਰ ਵਲੋਂ ਸਿੱਖ ਪੰਥ ਦੀਆਂ ਅੱਖਾਂ 'ਚ ਘੱਟਾ ਪਾਉਣ ਤੇ ਪੰਥਕ ਵਿਦਰੋਹ ਨੂੰ ਭੜਕਾਉਣ ਲਈ ਬਰਗਾੜੀ ਮਾਮਲੇ ਦੀ ਸਾਰੀ ਜਾਂਚ ਪਹਿਲਾਂ ਸੀ.ਬੀ.ਆਈ. ਨੂੰ ਦਿੱਤੀ ਗਈ ਤੇ ਇਸ ਦੇ ਨਾਲ ਹੀ 2 ਸਿੱਖਾਂ ਨੂੰ ਚੁੱਕ ਕੇ ਤਸ਼ੱਦਦ ਕੀਤਾ ਗਿਆ ਤੇ ਬਾਅਦ 'ਚ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਵੀ ਬਣਾਇਆ ਗਿਆ।


Related News