‘ਵੀਕੈਂਡ ਤਾਲਾਬੰਦੀ’ ਖੁੱਲ੍ਹਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਤੀਆਂ ਰੌਣਕਾਂ

Tuesday, Jun 16, 2020 - 09:45 AM (IST)

ਅੰਮ੍ਰਿਤਸਰ (ਅਨਜਾਣ) : 'ਵੀਕ ਐਂਡ ਘਰ ਬੰਦੀ' ਖੁੱਲ੍ਹਣ ਦੇ ਬਾਅਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀਆਂ ਰੌਣਕਾਂ ਪਰਤਣੀਆਂ ਸ਼ੁਰੂ ਹੋਈਆਂ। ਭਾਵੇਂ ਏਨੀ ਮਾਤਰਾ 'ਚ ਸੰਗਤਾਂ ਦੀ ਆਮਦ ਨਹੀਂ ਸੀ ਪਰ ਫੇਰ ਵੀ ਕੁਝ ਹੱਦ ਤੱਕ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਹਾਜ਼ਰੀ ਮਹਿਸੂਸ ਕੀਤੀ ਗਈ। ਪਰ ਇਸ ਦੇ ਨਾਲ ਹੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ, ਗੁਰਦੁਆਰਾ ਕੌਲਸਰ ਸਾਹਿਬ, ਗੁਰਦੁਆਰਾ ਰਾਮਸਰ ਸਾਹਿਬ ਤੇ ਗੁਰਦੁਆਰਾ ਬਿਬੇਕਸਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਨਾ ਮਾਤਰ ਹੀ ਰਹੀ।

PunjabKesari
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਹੋਈ ਮੁੱਖ ਵਾਕ ਦੀ ਕਥਾ 
ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਤੇ ਸੇਵਾਦਾਰਾਂ ਵਲੋਂ ਮਰਿਆਦਾ ਸੰਭਾਲਣ ਤੋਂ ਬਾਅਦ ਸ੍ਰੀ ਆਸਾ ਜੀ ਦੀ ਵਾਰ ਉਪਰੰਤ ਗ੍ਰੰਥੀ ਸਿੰਘ ਵਲੋਂ ਮੁੱਖ ਵਾਕ ਲਿਆ ਗਿਆ, ਜਿਸ ਦੀ ਕਥਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ ਗਈ। ਕਥਾ ਵਾਚਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਪਾਵਨ ਗੁਰਬਾਣੀ ਦੇ ਬਿਹਾਗੜਾ ਮਹਲਾ 5 ਦੇ ਛੰਤ ਦੀ ਕਥਾ ਦੇ ਅਰਥ ਕਰਦਿਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਹੇ ਤੁੱਛ ਪਦਾਰਥਾਂ (ਦੇ ਮੋਹ) 'ਚ ਰੱਤੇ ਹੋਏ ਮਨੁੱਖ (ਇਸ ਮੋਹ ਦੇ ਕਾਰਨ) ਤੇਰਾ ਜੀਵਨ ਦੁੱਖਾਂ ਨਾਲ ਭਰਦਾ ਜਾ ਰਿਹਾ ਹੈ। ਹੇ ਪਾਪ ਕਮਾਣ ਵਾਲੇ ਸਦਾ ਦਾ ਤੇਰਾ ਕੋਈ ਵੀ ਸਾਥੀ ਨਹੀਂ। ਤੂੰ ਹੱਥ ਮਲਦਾ ਹੀ ਬਣੇਗਾ। ਭਾਈ ਸਾਹਿਬ ਨੇ ਸੰਗਤਾਂ ਨੂੰ ਗੁਰਬਾਣੀ ਵਿਚਾਰ ਦੇ ਅਧਾਰ 'ਤੇ ਪ੍ਰੇਰਦਿਆਂ ਕਿਹਾ ਕਿ ਜੇਹੜਾ ਮਨੁੱਖ ਇਸ ਵੱਡੀ ਮੋਹ ਲੈਣ ਵਾਲੀ ਮਾਇਆ ਦੇ ਨਾਲ ਹੀ ਮਸਤ ਰਹਿੰਦਾ ਹੈ ਉਹ ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ।

PunjabKesari

ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਾਠੀ ਸਿੰਘ ਦਾ ਚਲਾਨ ਕੱਟਣ 'ਤੇ ਸੰਗਤਾਂ ਕੀਤਾ ਇਤਰਾਜ਼  
ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਠੀ ਸਿੰਘ ਦੀ ਡਿਊਟੀ ਕਰ ਰਿਹਾ ਭਾਈ ਤਰਸੇਮ ਸਿੰਘ ਜਦ ਆਪਣੀ ਡਿਊਟੀ 'ਤੇ ਜਾ ਰਿਹਾ ਸੀ ਤਾਂ ਘੰਟਾ ਘਰ ਵਾਲੀ ਬਾਹੀ ਤੇ ਗਲਿਆਰਾ ਪੁਲਸ ਥਾਣੇ ਦੇ ਇਕ ਏ.ਐੱਸ.ਆਈ. ਵਲੋਂ ਮੂੰਹ 'ਤੇ ਕੱਪੜਾ ਨਾ ਬੰਨ੍ਹਣ 'ਤੇ ਉਸਦਾ ਚਲਾਨ ਕੱਟ ਦਿੱਤਾ ਗਿਆ। ਪਾਠੀ ਸਿੰਘ ਆਪਣੀ ਡਿਊਟੀ 'ਤੇ ਜਾ ਰਿਹਾ ਸੀ ਤੇ ਉਸਦੇ ਇਹ ਕਹਿਣ ਦੇ ਬਾਵਜੂਦ ਵੀ ਕਿ ਉਹ ਡਿਊਟੀ ਤੋਂ ਲੇਟ ਹੋ ਰਿਹਾ ਹੈ ਤੇ ਡਿਊਟੀ ਸਮੇਂ ਉਹ ਆਪਣੀ ਜ਼ੇਬ 'ਚ ਕੋਈ ਪੈਸਾ ਨਹੀਂ ਰੱਖ ਸਕਦੇ। ਪੁਲਸ ਵਾਲੇ ਨੇ ਇਕ ਨਾ ਸੁਣੀ ਤੇ ਆਖਰ ਉਸ ਨੂੰ ਕਿਸੇ ਕੋਲੋਂ ਪੈਸੇ ਫੜ੍ਹ ਕੇ ਚਲਾਨ ਦੀ ਫੀਸ ਭਰਨੀ ਪਈ। ਇਸ ਸਬੰਧੀ ਸੰਗਤਾਂ ਨੇ ਇਤਰਾਜ਼ ਜਿਤਾਉਂਦਿਆਂ ਕਿਹਾ ਕਿ ਇਹ ਠੀਕ ਹੈ ਕਿ ਹਰ ਕਿਸੇ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਇਹਤਿਆਦ ਵਰਤਣਾ ਚਾਹੀਦਾ ਹੈ ਪਰ ਗੁਰੂ ਘਰ ਹੀ ਨਹੀਂ ਬਲਕਿ ਹੋਰ ਵੀ ਧਾਰਮਿਕ ਅਸਥਾਨਾ 'ਤੇ ਜੇਕਰ ਕਿਸੇ ਨੂੰ ਜਾਣੇ ਅਨਜਾਣੇ ਮਾਸਕ ਜਾਂ ਰੁਮਾਲ ਪਹਿਨਣਾ ਭੁੱਲ ਜਾਂਦਾ ਹੈ ਤਾਂ ਧਾਰਮਿਕ ਅਸਥਾਨ ਦੀ ਸਰਵਉੱਚਤਾ ਹੋਣ ਕਾਰਣ ਸੰਗਤਾਂ ਜਾਂ ਸ਼ਰਧਾਲੂਆਂ ਨੂੰ ਸੁਚੇਤ ਕੀਤਾ ਜਾ ਸਕਦਾ ਹੈ ਨਾ ਕਿ ਚਲਾਨ ਕੱਟ ਕੇ ਸੰਗਤਾਂ ਦੀ ਭਾਵਨਾ ਨੂੰ ਠੇਸ ਪਹੁੰਚਾਉਣੀ ਚਾਹੀਦੀ ਹੈ।


Baljeet Kaur

Content Editor

Related News