ਸ੍ਰੀ ਹਰਿਮੰਦਰ ਸਾਹਿਬ 'ਚ 400 ਕਿਸਮਾਂ ਦੇ ਗੁਲਾਬ ਬਿਖੇਰਨਗੇ ਮਹਿਕਾਂ

02/13/2020 9:55:01 AM

ਅੰਮ੍ਰਿਤਸਰ (ਦੀਪਕ, ਸੁਮਿਤ ਖੰਨਾ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਿਤ ਕੀਤੇ ਜਾ ਰਹੇ ਗੁਰੂ ਕਾ ਬਾਗ਼ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੰਦਿਆਂ ਇਸ ਵਿਚ 400 ਕਿਸਮਾਂ ਦੇ ਗੁਲਾਬ ਲਾਏ ਗਏ। ਇਸ ਤੋਂ ਪਹਿਲਾਂ ਬਾਗ਼ 'ਚ 3 ਪਰਤੀ ਕਿਆਰੀਆਂ 'ਚ ਵੱਖ-ਵੱਖ ਤਰ੍ਹਾਂ ਦੇ ਛੋਟੇ-ਵੱਡੇ ਬੂਟੇ ਲਾਏ ਜਾ ਚੁੱਕੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਬਾਗ਼ ਨੂੰ ਨਵੀਂ ਦਿੱਖ 'ਚ ਹਰਿਆ-ਭਰਿਆ ਬਣਾਉਣ ਲਈ ਕੁਝ ਮਹੀਨੇ ਪਹਿਲਾਂ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਦੀ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਕਰਵਾ ਰਹੇ ਹਨ। ਬਾਗ਼ਬਾਨੀ ਮਾਹਿਰਾਂ ਦੀਆਂ ਸੇਵਾਵਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਲਈਆਂ ਜਾ ਰਹੀਆਂ ਹਨ। ਬਾਗ਼ 'ਚ ਗੁਲਾਬ ਦੇ 2 ਹਜ਼ਾਰ ਤੋਂ ਵੱਧ ਬੂਟੇ ਬੂਟੇ ਲਾਏ ਗਏ, ਜਿਸ ਦੀ ਸ਼ੁਰੂਆਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿ. ਸੁਖਜਿੰਦਰ ਸਿੰਘ, ਵਾਤਾਵਰਣ ਪ੍ਰੇਮੀ ਪਦਮਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਸਮੇਤ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਕੀਤੀ ਗਈ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਚੁਣੌਤੀ ਅੱਜ ਦੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਸ਼੍ਰੋਮਣੀ ਕਮੇਟੀ ਵਲੋਂ ਵਾਤਾਵਰਣ ਸੰਭਾਲ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਬਾਗ ਇਕ ਪ੍ਰੇਰਣਾ-ਸਰੋਤ ਵਜੋਂ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਨੂੰ ਖੂਬਸੂਰਤ ਤੇ ਹਰਿਆਲੀ ਭਰਪੂਰ ਬਣਾਉਣਾ ਇਕ ਮਾਡਲ ਸਥਾਪਿਤ ਕਰਨ ਦੀ ਤਰ੍ਹਾਂ ਹੈ। ਇਥੋਂ ਸੰਗਤਾਂ ਪ੍ਰੇਰਣਾ ਪ੍ਰਾਪਤ ਕਰਨਗੀਆਂ ਅਤੇ ਇਸ ਲਹਿਰ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਅੱਗੇ ਵਧਣਗੀਆਂ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਬਾਗ਼ 'ਚ ਵੱਡੇ, ਦਰਮਿਆਨੇ ਅਤੇ ਛੋਟੇ ਰੁੱਖਾਂ ਦੇ ਨਾਲ-ਨਾਲ 400 ਕਿਸਮਾਂ ਦੇ ਗੁਲਾਬ ਲਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਵੱਖ-ਵੱਖ ਬੂਟਿਆਂ ਸਮੇਤ ਗੁਲਾਬ ਦੇ ਬੂਟੇ ਬੇਂਗਲੁਰੂ, ਦੇਹਰਾਦੂਨ, ਮਾਲੇਰਕੋਟਲਾ ਆਦਿ ਤੋਂ ਮੰਗਵਾਏ ਗਏ ਹਨ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਚੰਦਨ ਦੇ ਬੂਟੇ ਮੁਹੱਈਆ ਕਰਵਾਏ ਹਨ। ਡਾ. ਜਸਵਿੰਦਰ ਸਿੰਘ ਬਿਲਗਾ ਵਲੋਂ ਰਾਇ ਅਤੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਗੁਲਾਬ ਦੇ ਬੂਟਿਆਂ 'ਚ ਲਾਲ, ਗੁਲਾਬੀ, ਜਾਮਣੀ, ਚਿੱਟਾ, ਸੰਤਰੀ, ਪੀਲਾ, 2 ਰੰਗਾ, ਹਰਾ, ਕਾਲਾ ਆਦਿ ਵੱਖ-ਵੱਖ ਰੰਗਾਂ ਦੀਆਂ ਕਿਸਮਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਦੀ ਦਿੱਖ ਵਿਲੱਖਣ ਹੋਵੇਗੀ।


Baljeet Kaur

Content Editor

Related News