ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਸਿਆ ਦੇ ਦਿਹਾੜੇ ਮੌਕੇ ਗੁਰੂ ਸਾਹਿਬ ਦੀ ਸਵਾਰੀ 'ਤੇ ਗੁਲਾਬ ਦੇ ਫੁੱਲਾਂ ਦੀ ਹੋਈ ਵਰਖਾ

Tuesday, Jul 21, 2020 - 02:33 PM (IST)

ਅੰਮ੍ਰਿਤਸਰ (ਅਨਜਾਣ) : ਮੱਸਿਆ ਦੇ ਪਵਿੱਤਰ ਦਿਹਾੜੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਰਵਾਨਾ ਹੋਣ ਉਪਰੰਤ ਗੁਲਾਬ ਦੀਆਂ ਪੰਖੜੀਆਂ ਦੀ ਵਰਖਾ ਕੀਤੀ ਗਈ। ਅੱਗੇ-ਅੱਗੇ ਨਰਸਿੰਘਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਾਰੇ ਦੀ ਚੋਟ 'ਤੇ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਕੀਤੀ ਗਈ। ਬੱਦਲਵਾਹੀ ਤੇ ਠੰਢੀ-ਠੰਡੀ ਹਵਾ 'ਚ ਸ੍ਰੀ ਹਰਿਮੰਦਰ ਸਾਹਿਬ ਦਾ ਅਲੋਕਿਕ ਨਜ਼ਾਰਾ ਵੇਖਣ ਵਾਲਾ ਸੀ। ਸੰਗਤਾਂ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਪਾਲਕੀ ਸਾਹਿਬ ਨਾਲ ਸ਼ਾਮਿਲ ਹੋਈਆਂ ਤੇ ਦਰਸ਼ਨੀ ਡਿਓੜੀ ਦੇ ਅੰਦਰਲੇ ਮੁੱਖ ਦਵਾਰ ਤੇ ਗ੍ਰੰਥੀ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਸੀਸ 'ਤੇ ਉਠਾ ਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਸੰਗਤਾਂ ਨੇ ਸਵੱਯੇ ਦਾ ਉਚਾਰਣ ਕੀਤਾ ਤੇ ਗ੍ਰੰਥੀ ਸਿੰਘ ਨੇ ਮੁਖ ਵਾਕ ਸੰਗਤਾਂ ਨੂੰ ਸਰਵਣ ਕਰਵਾਇਆ, ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ ਗਈ। ਸ੍ਰੀ ਹਰਿਮੰਦਰ ਸਾਹਿਬ ਅੰਦਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀਆਂ ਧੁਨਾਂ ਗੂੰਜਣ ਲੱਗੀਆਂ। ਸਾਰਾ ਦਿਨ ਰਾਗੀ ਜਥਿਆਂ ਵਲੋਂ ਧੁਰ ਕੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਦੇ ਇਸ਼ਨਾਨ ਦੀ ਸੇਵਾ ਕੀਤੀ ਤੇ ਪਵਿੱਤਰ ਸਰੋਵਰ ਵਿੱਚ ਮੱਸਿਆ ਦਾ ਇਸ਼ਨਾਨ ਕਰਕੇ ਆਤਮਿਕ ਸ਼ਾਂਤੀ ਪ੍ਰਾਪਤ ਕੀਤੀ। ਛਬੀਲ ਤੋਂ ਠੰਢੇ-ਮਿੱਠੇ ਜਲ ਛਕੇ ਤੇ ਗੁਰੂ ਕੇ ਲੰਗਰ ਛਕ ਕੇ ਤ੍ਰਿਪਤ ਹੋਈਆਂ। 

ਇਹ ਵੀ ਪੜ੍ਹੋਂ : 12ਵੀਂ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ, ਪੰਜਾਬ ਬੋਰਡ ਅੱਜ ਐਲਾਨੇਗਾ 'ਨਤੀਜਾ'

PunjabKesariਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਈ ਮੁਖ ਵਾਕ ਦੀ ਕਥਾ
ਮੱਸਿਆ ਦੇ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੋਏ ਮੁਖ ਵਾਕ ਦੀ ਕਥਾ ਹੋਈ। ਕਥਾਵਾਚਕ ਨੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 717 'ਤੇ ਸੁਭਾਏਮਾਨ ਪੰਚਮ ਪਾਤਸ਼ਾਹ ਜੀ ਦੀ ਬਾਣੀ ਟੋਡੀ ਮਹਲਾ ਪੰਜਵਾਂ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ ਕਿ ਹੇ ਭਾਈ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ। ਉਸ ਦੇ ਅੰਦਰ ਦਿਨ ਰਾਤ ਹਰ ਵੇਲੇ ਆਨੰਦ ਬਣਿਆਂ ਰਹਿੰਦਾ ਹੈ। ਗੁਰੂ ਸਾਹਿਬ ਅੰਤ ਚ ਕਹਿੰਦੇ ਹਨ ਕਿ ਹੇ ਭਾਈ ਉਹ ਪਰਮਾਤਮਾ ਆਪਣੇ ਉਸ ਸੇਵਕ ਨੂੰ ਹੱਥ ਫੜ• ਕੇ ਵਿਹੁਲੇ ਸੰਸਾਰ-ਸਮੁੰਦਰ 'ਚੋਂ ਬਾਹਰ ਕੱਢ ਲੈਂਦਾ ਹੈ ਜਿਸ ਸੇਵਕ ਨੂੰ ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ।

PunjabKesari

ਇਹ ਵੀ ਪੜ੍ਹੋਂ : ਪੁਲਸ ਮੁਲਾਜ਼ਮ ਦੀ ਕਰਤੂਤ: ਪਹਿਲਾਂ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਗਰਭਵਤੀ, ਫਿਰ ਕਰ ਦਿੱਤਾ ਕਾਰਾ


Baljeet Kaur

Content Editor

Related News