ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਮੀਟਿੰਗ 'ਚ ਲਏ ਇਹ ਵੱਡੇ ਫੈਸਲੇ (ਵੀਡੀਓ)
Saturday, Mar 09, 2019 - 01:08 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਪੜਤਾਲ, ਨਵੇਂ ਜਥੇਦਾਰ ਦੀ ਨਿਯੁਕਤੀ ਤੇ ਹੋਰ ਧਾਰਮਿਕ ਮਸਲਿਆਂ ਸਬੰਧੀ ਫੈਸਲੇ ਲੈਣ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ। ਪੱਤਰਕਾਰ ਮਿਲਣੀ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ 'ਤੇ ਲੱਗੇ ਦੋਸ਼ਾਂ ਦੀ ਪੜਤਾਲੀਆ ਕਮੇਟੀ ਨੂੰ ਦੁਬਾਰਾ ਪੜਤਾਲ ਕਰ ਕੇ 15 ਦਿਨਾਂ 'ਚ ਰਿਪੋਰਟ ਸੌਂਪਣ ਲਈ ਹੁਕਮ ਦਿੱਤਾ ਗਿਆ ਹੈ।
ਸਿੰਘ ਸਾਹਿਬ ਨੇ ਨਵੇਂ ਜਥੇਦਾਰ ਦੀ ਨਿਯੁਕਤੀ ਬਾਰੇ ਕਿਹਾ ਕਿ ਇਸ ਸਬੰਧੀ 5 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਵਿਚ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਨਿਰਮਲ ਸਿੰਘ ਪ੍ਰਧਾਨ ਚੀਫ਼ ਖਾਲਸਾ ਦੀਵਾਨ ਤੇ ਇਕਬਾਲ ਸਿੰਘ ਮੈਂਬਰ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਨਾਂ ਸ਼ਾਮਿਲ ਹਨ। ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਮੈਂਬਰ ਪਟਨਾ ਬੋਰਡ ਕੋਆਰਡੀਨੇਟਰ ਹੋਣਗੇ। ਇਹ ਪ੍ਰਬੰਧਕੀ ਸੰਪ੍ਰਦਾਵਾਂ ਤੇ ਜਥੇਬੰਦੀਆਂ ਦੀ ਰਾਇ ਨਾਲ ਕੋਈ 2 ਯੋਗਤਾ ਰੱਖਣ ਵਾਲੇ ਮੈਂਬਰਾਂ ਦੇ ਨਾਂ ਦੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਲਈ ਤਜਵੀਜ਼ ਪੇਸ਼ ਕਰਨਗੇ। ਉਨ੍ਹਾਂ ਨਵਾਂਸ਼ਹਿਰ ਦੇ 3 ਨੌਜਵਾਨ ਜੋ ਧਾਰਮਿਕ ਸਾਹਿਤ ਰੱਖਣ ਕਾਰਨ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ, ਦੀ ਆਰਥਿਕ ਤੇ ਕਾਨੂੰਨੀ ਮਦਦ ਲਈ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਹੁਕਮ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਇਕੱਠਿਆਂ ਇਕ ਸਟੇਜ 'ਤੇ ਗੁਰਮਤਿ ਸਮਾਗਮ ਕਰਨ ਲਈ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾਵੇ।
ਇਕ ਹੋਰ ਹੁਕਮ 'ਚ ਸ਼੍ਰੋਮਣੀ ਕਮੇਟੀ ਨੂੰ ਪੱਡਲ ਮੰਡੀ ਹਿਮਾਚਲ ਪ੍ਰਦੇਸ਼ 'ਚ ਕੁਝ ਗੈਰ-ਸਿੱਖਾਂ ਨੇ ਇਤਿਹਾਸਕ ਗੁਰਦੁਆਰੇ 'ਤੇ ਕਬਜ਼ਾ ਕਰ ਕੇ ਕੁਝ ਸਿੱਖਾਂ ਦਾ ਬਾਈਕਾਟ ਕਰ ਦਿੱਤਾ ਹੈ, ਕਬਜ਼ਾ ਛੁਡਵਾਉਣ 'ਤੇ ਕਿਸ ਅਧਿਕਾਰ ਨਾਲ ਸਿੱਖਾਂ ਦਾ ਬਾਈਕਾਟ ਕੀਤਾ ਗਿਆ, ਪੜਤਾਲ ਕਰਨ ਲਈ ਕਿਹਾ ਗਿਆ ਹੈ। ਬਾਬਾ ਅਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਜ਼ਿਲਾ ਸੰਗਰੂਰ ਨੂੰ ਹੁਕਮ ਕੀਤਾ ਗਿਆ ਕਿ ਬਾਬਾ ਜਸਪਾਲ ਸਿੰਘ ਨਿਰਮਲ ਕੁਟੀਆ ਜੌਹਲਾਂ ਜਲੰਧਰ ਵਿਖੇ ਰਹਿ ਕੇ ਪਹਿਲਾਂ ਵਾਂਗ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ। ਜਿਹੜੀ ਵੀ ਧਿਰ ਹਉਮੈਗ੍ਰਸਤ ਇਸ ਹੁਕਮ ਨੂੰ ਅਪ੍ਰਵਾਨ ਕਰੇਗੀ ਉਸ 'ਤੇ ਮਰਿਆਦਾ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਪੁਰਬ ਨੂੰ ਵਾਤਾਵਰਣ ਦਿਵਸ ਵਜੋਂ ਮਨਾਉਣ ਲਈ ਵੀ ਹੁਕਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪੁਰਬ ਮੌਕੇ ਤਖ਼ਤ ਸ੍ਰੀ
ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਉੱਤਮ ਕਿਸਮ ਦੇ 200 ਅੰਬਾਂ ਦੇ ਬੂਟੇ ਲਾਏ ਜਾ ਰਹੇ ਹਨ।