19 ਭਾਸ਼ਾਵਾਂ ’ਚ ਜਪੁਜੀ ਸਾਹਿਬ ਦੇ ਅਨੁਵਾਦ ਦੀ ਪੋਥੀ ਭੇਟ ਕੀਤੀ ਜਾਵੇਗੀ ਸ੍ਰੀ ਹਰਿਮੰਦਰ ਸਾਹਿਬ

Friday, Nov 08, 2019 - 12:51 PM (IST)

19 ਭਾਸ਼ਾਵਾਂ ’ਚ ਜਪੁਜੀ ਸਾਹਿਬ ਦੇ ਅਨੁਵਾਦ ਦੀ ਪੋਥੀ ਭੇਟ ਕੀਤੀ ਜਾਵੇਗੀ ਸ੍ਰੀ ਹਰਿਮੰਦਰ ਸਾਹਿਬ

ਅੰਮ੍ਰਿਤਸਰ (ਮਮਤਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਲ ਰਚਨਾ ਜਪੁਜੀ ਸਾਹਿਬ ਦਾ ਵਿਸ਼ਵ ਦੀਆਂ 19 ਭਾਸ਼ਾਵਾਂ 'ਚ ਅਨੁਵਾਦ ਕਰ ਕੇ ਸਿੱਖ ਧਰਮ ਇੰਟਰਨੈਸ਼ਨਲ ਇਸ ਤਰ੍ਹਾਂ ਇਕ ਸਿਲਵਰ ਅਤੇ ਰਤਨ ਜੜੀ ਪੋਥੀ ਦੇ ਰੂਪ ਵਿਚ ਭੇਟ ਕਰਨ ਜਾ ਰਿਹਾ ਹੈ, ਜਿਸ ਨੂੰ 'ਜਪੁਜੀ ਸਾਹਿਬ- ਵਿਸ਼ਵ ਲਈ ਗੁਰੂ ਨਾਨਕ ਦਾ ਪ੍ਰਕਾਸ਼' ਨਾਂ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਸਿੱਖ ਧਰਮ ਇੰਟਰਨੈਸ਼ਨਲ ਦੀ ਚੀਫ ਗੁਰੂ ਅੰਮ੍ਰਿਤ ਕੌਰ ਖਾਲਸਾ, ਸਿੰਘ ਸਾਹਿਬ ਯੋਗੀ ਭਜਨ ਸਿੰਘ ਦੇ ਬੇਟੇ ਕੁਲਬੀਰ ਸਿੰਘ, ਸੰਤ ਸਿਮਰਨ ਸਿੰਘ ਖਾਲਸਾ, ਜਨਰਲ ਸਕੱਤਰ ਗੁਰਜੋਤ ਕੌਰ ਖਾਲਸਾ, ਟਰੱਸਟੀ ਡਾ. ਹਰਜੋਤ ਕੌਰ ਖਾਲਸਾ, ਸਿੱਖ ਨੈੱਟ ਡਾਟ ਕਾਮ ਦੇ ਸੰਸਥਾਪਕ ਗੁਰਮਸਤਕ ਸਿੰਘ ਖਾਲਸਾ ਅਤੇ ਸਹਿਜ ਸਿੰਘ ਖਾਲਸਾ ਨੇ ਦੱਸਿਆ ਕਿ ਸ੍ਰੀ ਜਪੁਜੀ ਸਾਹਿਬ ਜਿਸ ਦਾ ਗੁਰਮੁਖੀ ਤੋਂ ਇਲਾਵਾ ਦੁਨੀਆ ਦੀਆਂ 19 ਭਾਸ਼ਾਵਾਂ ਅੰਗਰੇਜ਼ੀ, ਨਾਰਵੇਇਨ, ਸਵੀਡਿਸ਼, ਪੋਲਿਸ਼, ਫਿਨਿਸ਼, ਡੱਚ, ਜਰਮਨ, ਇਟਾਲੀਅਨ, ਸਪੈਨਿਸ਼, ਫ੍ਰੈਂਚ, ਪੁਰਤਗਾਲ, ਗੁਰੈਨੀ, ਰਸ਼ੀਅਨ, ਐਸਟੋਨੀਅਨ, ਮਲੇਸ਼ੀਅਨ, ਚਾਈਨੀਜ਼, ਜਪਾਨੀ, ਹਿਬਰਿਊ ਅਤੇ ਤੁਰਕਸਤਾਨੀ 'ਚ ਅਨੁਵਾਦ ਕੀਤਾ ਗਿਆ ਹੈ। ਇਸ ਪੋਥੀ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਮਹਾਨ ਜਪੁਜੀ ਸਾਹਿਬ ਦੀਆਂ ਸਿੱਖਿਆਵਾਂ ਦਾ ਅਧਿਐਨ ਕਰਵਾਉਣਾ ਹੈ।

ਇਸ ਪਵਿੱਤਰ ਮੌਕੇ 'ਤੇ ਸਿੰਘ ਸਾਹਿਬ ਦੇ ਸਪੁੱਤਰ ਕੁਲਬੀਰ ਸਿੰਘ, ਸਿੱਖ ਧਰਮ ਇੰਟਰਨੈਸ਼ਨਲ ਦੇ ਸਦਾ ਸਤ ਸਿਮਰਨ ਸਿੰਘ ਖਾਲਸਾ ਅਤੇ ਗੁਰੂ ਅੰਮ੍ਰਿਤ ਕੌਰ ਖਾਲਸਾ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਅਸੀਂ ਇਸ ਅਭਿਆਸ ਦਾ ਹਿੱਸਾ ਬਣੇ ਹਾਂ। ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ 'ਤੇ ਇਹ ਪੋਥੀ '3 ਐੱਚ ਓ' ਅਤੇ ਪੂਰੀ ਦੁਨੀਆ ਦੇ ਸਿੱਖ ਧਰਮ ਭਾਈਚਾਰੇ ਵੱਲੋਂ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਅਜਾਇਬਘਰ ਨੂੰ ਤੋਹਫੇ ਵਜੋਂ ਭੇਟ ਕੀਤੀ ਜਾਵੇਗੀ। ਜਪੁਜੀ ਸਾਹਿਬ ਸਿੱਖਾਂ ਦੇ ਪਵਿੱਤਰ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਸਭ ਤੋਂ ਪਹਿਲੀ ਪ੍ਰਾਰਥਨਾ ਹੈ, ਜਿਸ ਦੀ ਰਚਨਾ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ।


author

Baljeet Kaur

Content Editor

Related News