ਪਾਵਨ ਸਰੂਪਾਂ ਦਾ ਮਾਮਲਾ ਗਰਮਾਇਆ, ਸ਼੍ਰੋਮਣੀ ਕਮੇਟੀ ਦੀ ਮੈਂਬਰ ਨੇ ਕੀਤੇ ਤਿੱਖੇ ਸਵਾਲ

09/16/2020 1:31:49 PM

ਅੰਮ੍ਰਿਤਸਰ (ਸੁਮਿਤ ਖੰਨਾ) : 328 ਪਾਵਨ ਸਰੂਪਾਂ ਦੇ ਖੁਰਦ-ਬੁਰਦ ਹੋਣ ਦਾ ਮਾਮਲਾ ਦਿਨੋਂ-ਦਿਨ ਗਰਮਾਉਂਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਸ਼੍ਰੋਮਣੀ ਕਮੇਟੀ ਦਫ਼ਤਰ ਅੱਗੇ ਪੱਕੇ ਤੌਰ 'ਤੇ ਧਰਨਾ ਦਿੱਤਾ ਗਿਆ ਸੀ, ਜਿਸ ਮੌਕੇ ਸ਼੍ਰੋਮਣੀ ਕਮੇਟੀ ਦੀ ਟਾਕਸ ਫੋਰਸ ਵਲੋਂ ਸਤਿਕਾਰ ਕਮੇਟੀਆਂ, ਬਾਬਾ ਬੋਤਾ ਸਿੰਘ ਗਰਜਾ ਸਿੰਘ ਜਥੇਬੰਦੀ ਸਮੇਤ ਮੀਡੀਆ ਕਰਮੀਆਂ ਦੀ ਕੁੱਟਮਾਰ ਕੀਤੀ ਗਈ ਸੀ। ਇਸ ਸਬੰਧੀ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੀਤ ਕੌਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸਿੱਖ ਆਪਸ 'ਚ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰ ਵੀ ਜ਼ਿਆਦਾ ਮੰਦਭਾਗੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਅਜਿਹੀ ਸੰਸਥਾ ਹੈ, ਜੋ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ, ਸਿੱਖ ਰਿਆਇਤ ਮਰਿਆਦਾ ਲਾਗੂ ਕਰਨ ਵਾਸਤੇ ਤੇ ਪੰਥਕ ਮੁੱਦਿਆਂ 'ਤੇ ਸੇਧ ਦੇਣ ਵਾਲੀ ਸੰਸਥਾ ਸੀ ਪਰ ਅੱਜ ਉਸ ਦੇ ਖ਼ਿਲਾਫ਼ ਹੀ ਕੁਝ ਜਥੇਬੰਦੀਆਂ ਧਰਨਾ ਦੇ ਰਹੀਆਂ ਹਨ। 

ਇਹ ਵੀ ਪੜ੍ਹੋ : 'PUBG' ਖੇਡਣ ਤੋਂ ਰੋਕਦੀ ਸੀ ਮਾਂ, ਗੁੱਸੇ 'ਚ ਆਈ ਧੀ ਨੇ ਕੀਤਾ ਅਜਿਹਾ ਕਾਰਾ ਕੇ ਸੁਣ ਕੰਬ ਜਾਵੇਗੀ ਰੂਹ

ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ 'ਚ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਖ਼ਾਸ ਕਰਕੇ ਜੋ 2015 ਦਾ ਬਰਗਾੜੀ ਕਾਂਡ ਸੀ। ਇਸ ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ 'ਚੋਂ ਇਹ ਗੱਲਾਂ ਬਾਹਰ ਨਿਕਲੀਆਂ ਕਿ ਕੁਝ ਸਰੂਪ ਘੱਟ ਰਹੇ ਹਨ ਤਾਂ ਜੋ ਸਿੱਖ ਸੰਗਤਾਂ 'ਚ ਰੋਸ ਸੀ ਉਹ ਹੋਰ ਜ਼ਿਆਦਾ ਵੱਧ ਗਿਆ। ਉਨ੍ਹਾਂ ਕਿਹਾ ਕਿ ਇਥੇ ਇਹ ਸਮਝਣ ਵਾਲੀ ਗੱਲ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ 'ਚ ਸਰੂਪਾਂ ਦੀ ਗਿਣਤੀ 'ਚ ਵਾਧਾ-ਘਾਟਾ ਹੁੰਦਾ ਹੈ ਤਾਂ ਬਕਾਇਦਾ ਉਸ ਦਾ ਦਫ਼ਤਰ ਜ਼ਿੰਮੇਵਾਰ ਹੈ ਕਿਉਂਕਿ ਮੈਂਬਰਾਂ ਦੀ ਡਿਊਟੀ ਹੈ ਕਿ ਉਹ ਇਸ 'ਤੇ ਪੂਰਾ ਧਿਆਨ ਦੇਣ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਮੁਲਾਜ਼ਮਾਂ 'ਤੇ ਕੀ ਕਾਰਵਾਈ ਹੋਈ ਹੈ, ਇਸ ਬਾਰੇ ਸਾਨੂੰ ਵੀ ਅਜੇ ਤੱਕ ਕੁਝ ਨਹੀਂ ਪਤਾ। ਇਸ 'ਚ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਜਿਹੜੀ ਜਾਂਚ ਕਮਿਸ਼ਨ ਦੀ ਰਿਪੋਰਟ ਹੈ ਉਹ ਅਜੇ ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਨਹੀਂ ਦਿੱਤੀ ਗਈ। ਜਦੋਂ ਪਿਛਲੇ ਸਮਿਆਂ 'ਚ ਵੀ ਅਜਿਹੇ ਕੇਸ ਸਾਹਮਣੇ ਆਏ ਸਨ ਤਾਂ ਉਨ੍ਹਾਂ ਦੀ ਜੋ ਰਿਪੋਰਟ ਹੁੰਦੀ ਹੈ ਉਹ ਬਕਾਇਦਾ ਸਾਨੂੰ ਭੇਜੀ ਜਾਂਦੀ ਸੀ। ਇਸ ਮਾਮਲੇ 'ਚ ਵੀ ਜਦੋਂ ਤੱਕ ਸਾਨੂੰ ਰਿਪੋਰਟ ਨਹੀਂ ਮਿਲਦੀ ਉਦੋਂ ਤੱਕ ਅਸੀਂ ਕੁਝ ਨਹੀਂ ਕਹਿ ਸਕਦੇ ਕੀ ਜਾਂਚ ਕਮੇਟੀ ਨੇ ਕੀ ਲੱਭਿਆ ਹੈ। 

ਇਹ ਵੀ ਪੜ੍ਹੋ : ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਭਰਾ ਦੀ ਮੌਤ ਦੀ ਖ਼ਬਰ ਸੁਣ ਦੂਜੇ ਭਰਾ ਨੇ ਵੀ ਤਿਆਗੇ ਪ੍ਰਾਣ

ਇਸ ਦੇ ਨਾਲ ਹੀ ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਜੇਕਰ ਕਮੇਟੀ ਵਲੋਂ ਪੇਸ਼ ਕੀਤੀ ਕਿ ਰਿਪੋਰਟ ਨਾਲ ਹੀ ਤਸੱਲੀ ਹੋਣੀ ਹੁੰਦੀ ਤਾਂ ਹੁਣ ਤੱਕ ਹੋ ਜਾਣੀ ਸੀ। ਉਨ੍ਹਾਂ ਕਿਹਾ ਕਿ ਦਫ਼ਤਰ 'ਚ ਜਦੋਂ ਵੀ ਕੋਈ ਹਿਸਾਬ-ਕਿਤਾਬ ਹੋਵੇ ਤਾਂ ਉਹ ਪਾਰਦਰਸ਼ੀ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਹਿਸਾਬ-ਕਿਤਾਬ 'ਚ 328 ਪਾਵਨ ਸਰੂਪ ਘੱਟ ਹਨ ਤਾਂ ਇਸ ਦੇ ਦੋ ਹੀ ਮਤਲਬ ਨੇ, ਇਕ ਤਾਂ ਇਹ ਹੈ ਕਿ ਤੁਸੀਂ ਇਹ ਸਰੂਪ ਕਿਸੇ ਨੂੰ ਦਿੱਤੇ ਹਨ ਤੇ ਇਸ ਦੀ ਭੇਟਾਂ ਜਮ੍ਹਾ ਨਹੀਂ ਕਰਵਾਈ। ਇਸ ਤੋਂ ਇਲਾਵਾ ਦੂਜੀ ਗੱਲ ਇਹ ਹੈ ਕਿ ਜਾ ਤਾਂ ਤੁਸੀਂ ਨੀਅਤਨ ਕਿਸੇ ਜਗ੍ਹਾ ਜਾਂ ਸੰਸਥਾਂ ਨੂੰ ਦਿੱਤੀ ਹੈ, ਜਿਸ ਬਾਰੇ ਤੁਸੀਂ ਦੱਸਣਾ ਨਹੀਂ ਚਾਹੁੰਦੇ। ਹੁਣ ਆਮ ਸੰਗਤ ਨੂੰ ਇੰਝ ਲੱਗਦਾ ਹੈ ਕਿ ਇਹ ਨੀਅਤਨ ਕਿਤੇ ਗਲਤ ਦਿੱਤੀਆਂ ਹਨ। ਇਸ ਲਈ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਜੇ ਕਿਸੇ ਨੇ ਬਈਮਾਨੀ ਵੀ ਕੀਤੀ ਹੈ ਤਾਂ ਇਸ ਬਾਰੇ ਸਾਨੂੰ ਸਪੱਸ਼ਟ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਸਾਰਾ ਕੁਝ ਰਿਕਾਰਡ ਤੋਂ ਹੀ ਸਾਹਮਣੇ ਆਵੇਗਾ। ਰਿਕਾਰਡ 'ਚ ਕੀ ਹੈ ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਦੱਸਣਾ ਪਏਗਾ ਤਾਂ ਹੀ ਇਸ ਮਸਲੇ ਦਾ ਅੰਤ ਹੋਵੇਗਾ। 


Baljeet Kaur

Content Editor

Related News