ਸੇਵਾ ਕੇਂਦਰ ਦਾ ਕਾਰਨਾਮਾ, ਬਣਾਏ ਦੋ-ਦੋ ਅਸਲਾ ਲਾਇਸੈਂਸ

08/28/2019 12:14:51 PM

ਅੰਮ੍ਰਿਤਸਰ (ਨੀਰਜ) : ਅਸਲਾ ਲਾਇਸੈਂਸ ਬਣਾਉਣ ਦੇ ਮਾਮਲੇ ’ਚ ਡੀ. ਸੀ. ਦਫਤਰ ਸੇਵਾ ਕੇਂਦਰ ਦੇ ਅਸਲਾ ਡੀਲਿੰਗ ਸਟਾਫ ਦਾ ਇਕ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਅਸਲਾ ਰੀਨਿਊ ਅਤੇ ਅਸਲਾ ਲਾਇਸੈਂਸ ਬਣਾਉਣ ਵਾਲੇ ਸੇਵਾ ਕੇਂਦਰ ਦੇ ਸਟਾਫ ਨੇ ਕਈ ਲੋਕਾਂ ਦੇ 2-2 ਅਸਲਾ ਲਾਇਸੈਂਸ ਬਣਾ ਦਿੱਤੇ ਹਨ, ਜਿਸ ਨਾਲ ਵਿਭਾਗ ਦੀ ਕਾਰਗੁਜ਼ਾਰੀ ’ਤੇ ਹੀ ਸਵਾਲ ਖਡ਼੍ਹੇ ਹੋ ਗਏ ਹਨ। ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਵਾਸੀ ਪਿੰਡ ਮੱਲ੍ਹੀਆਂ ਜ਼ਿਲਾ ਅੰਮ੍ਰਿਤਸਰ ਵਲੋਂ ਰੀਨਿਊ ਲਈ ਦਿੱਤੇ ਗਏ ਬਿਨੇਕਾਰ ਦੇ ਲਾਇਸੈਂਸ ਤੇ ਲਾਇਸੈਂਸ ਨੰਬਰ ਡੀ. ਐੱਮ./ਏ. ਐੱਸ. ਆਰ./ਜੇ. ਐੱਲ. ਡੀ. ਐੱਲ./1217/291 ਨੰਬਰ ਲਾ ਦਿੱਤਾ ਗਿਆ, ਜਦਕਿ ਦੂਜੇ ਅਸਲਾ ਲਾਇਸੈਂਸ ’ਤੇ ਡੀ. ਐੱਮ./ਏ. ਐੱਸ. ਆਰ./ਜੇ. ਐੱਲ. ਡੀ. ਐੱਲ./1217/292 ਨੰਬਰ ਲਾ ਦਿੱਤਾ ਗਿਆ। ਇਸ ਹਿਸਾਬ ਨਾਲ ਉਕਤ ਲਾਇਸੈਂਸਧਾਰਕ 3 ਕੈਟਾਗਰੀਆਂ ਜਿਨ੍ਹਾਂ ’ਚ ਪਿਸਤੌਲ, ਰਾਈਫਲ ਅਤੇ ਦੋਨਾਲੀ ਦੇ 6 ਅਸਲਾ ਖਰੀਦ ਸਕਦਾ ਹੈ। ਇਸੇ ਤਰ੍ਹਾਂ ਗੁਰਸੇਵਕ ਸਿੰਘ ਵਾਸੀ ਜੰਡਿਆਲਾ ਖੁਰਦ ਦੇ ਅਸਲਾ ਲਾਇਸੈਂਸ ਨੰਬਰ ਡੀ. ਐੱਮ./ਏ. ਏ. ਐੱਸ./ਡੀ. ਯੂ. ਪੀ./ਜੇ. ਐੱਲ. ਡੀ. ਐੱਲ./0118/64 ਦੇ ਨਾਲ-ਨਾਲ ਅਸਲਾ ਲਾਇਸੈਂਸ ਨੰਬਰ ਡੀ. ਐੱਮ./ਏ. ਐੱਸ. ਆਰ./ਡੀ. ਯੂ. ਪੀ./ਜੇ. ਐੱਲ. ਡੀ. ਐੱਲ./0118/65 ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਰੁਪਿੰਦਰ ਕੌਰ ਵਾਸੀ ਮੁਰਾਦਪੁਰਾ ਅੰਮ੍ਰਿਤਸਰ ਦੇ ਅਸਲਾ ਲਾਇਸੈਂਸ ਨੰਬਰ ਡੀ. ਐੱਮ. /ਏ. ਐੱਸ. ਆਰ./ਡੀ. ਓ. ਪੀ./ਕੇ. ਐੱਮ. ਬੀ. ਓ/1117/73 ਦੇ ਨਾਲ-ਨਾਲ ਅਸਲਾ ਲਾਇਸੈਂਸ ਨੰਬਰ ਡੀ. ਐੱਮ./ਏ. ਐੱਸ. ਆਰ./ਡੀ. ਓ. ਪੀ./ਕੇ. ਐੱਮ. ਬੀ. ਓ./1218/194 ਬਣਾ ਦਿੱਤਾ ਗਿਆ ਹੈ।

ਸੇਵਾ ਕੇਂਦਰ ’ਚ ਤਾਇਨਾਤ ਸਟਾਫ ਦੀ ਇਸ ਤੋਂ ਵੱਡੀ ਲਾਪ੍ਰਵਾਹੀ ਹੋਰ ਕੀ ਹੋ ਸਕਦੀ ਹੈ ਕਿ ਤਰਨਤਾਰਨ ਸੇਵਾ ਕੇਂਦਰ ਦੇ ਅਸਲਾ ਡੀਲਿੰਗ ਸਟਾਫ ਵੱਲੋਂ ਸਰਕਾਰੀ ਫੀਸ ’ਚ ਕੀਤੀ ਗਈ 65 ਲੱਖ ਰੁਪਏ ਦੀ ਹੇਰਾਫੇਰੀ ਦੇ ਮੁੱਖ ਮੁਲਜ਼ਮ ਨੂੰ ਅੰਮ੍ਰਿਤਸਰ ਸੇਵਾ ਕੇਂਦਰ ’ਚ ਤਾਇਨਾਤ ਕਰ ਦਿੱਤਾ ਗਿਆ ਹੈ, ਜੋ ਹੁਣ ਤੱਕ ਆਪਣੀ ਸੀਟ ’ਤੇ ਨਹੀਂ ਬੈਠਾ। ਅਜਿਹੇ ਕਰਮਚਾਰੀਆਂ ਨੂੰ ਗ੍ਰਿਫਤਾਰ ਕਰਨ ਜਾਂ ਫਿਰ ਸਸਪੈਂਡ ਕਰਨ ਦੀ ਬਜਾਏ ਦੂਜੇ ਜ਼ਿਲੇ ’ਚ ਟਰਾਂਸਫਰ ਕੀਤਾ ਜਾਣਾ ਵੀ ਕਈ ਸਵਾਲ ਖਡ਼੍ਹੇ ਕਰ ਰਿਹਾ ਹੈ।

ਸਿਸਟਮ ’ਚ ਫਸੇ ਹਨ ਅਣਗਿਣਤ ਸੀ. ਆਰ. ਐੱਫ.
ਪੰਜਾਬ ਸਰਕਾਰ ਨੇ ਅਸਲੇ ਨਾਲ ਸਬੰਧਤ ਮੈਨੂਅਲ ਕੰਮ ਨੂੰ ਸੇਵਾ ਕੇਂਦਰਾਂ ਅਧੀਨ ਆਨਲਾਈਨ ਕਰ ਕੇ ਜਨਤਾ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਸਹੂਲਤ ਕੁਝ ਕਰਮਚਾਰੀਆਂ ਲਈ ਭ੍ਰਿਸ਼ਟਾਚਾਰ ਕਰਨ ਦੀ ਸਹੂਲਤ ਅਤੇ ਆਮ ਜਨਤਾ ਲਈ ਔਖਿਆਈ ਬਣ ਚੁੱਕੀ ਹੈ। ਹਾਲਤ ਇਹ ਹਨ ਕਿ ਇਕੱਲੇ ਡੀ. ਸੀ. ਦਫਤਰ ਦੇ ਹੀ ਸੇਵਾ ਕੇਂਦਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਅਸਲੇ ਦੇ ਅਣਗਿਣਤ ਸੀ. ਆਰ. ਐੱਫ. (ਚੇਂਜ ਆਫ ਰਿਕੁਐਸਟ ਫ਼ਾਰਮ) ਫਸੇ ਹੋਏ ਹਨ, ਜਿਸ ਕਾਰਨ ਦਫਤਰ ਆਉਣ ਵਾਲੇ ਅਸਲਾ ਲਾਇਸੈਂਸਧਾਰਕਾਂ ਨੂੰ ਬਿਨਾਂ ਕਾਰਨ ਲੱਖਾਂ ਰੁਪਏ ਜੁਰਮਾਨਾ ਭਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ।

ਅੰਮ੍ਰਿਤਸਰ ਡੀ. ਸੀ. ਦਫਤਰ ’ਚ ਹੀ ਹੋ ਚੁੱਕੈ ਅਸਲਾ ਲਾਇਸੈਂਸਾਂ ਦਾ ਮਹਾ-ਘਪਲਾ
ਅੱਜ ਜਦੋਂ ਡੀ. ਸੀ. ਦਫਤਰ ਸੇਵਾ ਕੇਂਦਰ ’ਚ ਅਸਲਾ ਲਾਇਸੈਂਸਾਂ ਸਬੰਧੀ ਆ ਰਹੀ ਆਮ ਜਨਤਾ ਦੀ ਸਮੱਸਿਆ ਦੀ ਅਵਾਜ਼ ਜ਼ੋਰ ਨਾਲ ਉਠ ਰਹੀ ਹੈ, ਉਥੇ ਹੀ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅੰਮ੍ਰਿਤਸਰ ਦਾ ਡੀ. ਸੀ. ਦਫਤਰ ਉਥੇ ਹੈ, ਜਿਥੇ ਅਸਲਾ ਬ੍ਰਾਂਚ ’ਚ ਡੀ. ਸੀ. ਦਫਤਰ ਦੇ ਇਤਿਹਾਸ ਦਾ ਸਭ ਤੋਂ ਵੱਡਾ ਮਹਾ-ਘਪਲਾ ਹੋ ਚੁੱਕਾ ਹੈ। ਇਸ ਡੀ. ਸੀ. ਦਫਤਰ ਦੀ ਅਸਲਾ ਬ੍ਰਾਂਚ ਵਿਚ ਵਿਭਾਗ ਦੇ ਹੀ ਕੁਝ ਕਰਮਚਾਰੀਆਂ ਨੇ ਅਸਲਾ ਡੀਲਰਾਂ ਨਾਲ ਮਿਲੀਭੁਗਤ ਕਰ ਕੇ 699 ਦੇ ਕਰੀਬ ਜਾਅਲੀ ਅਸਲਾ ਲਾਇਸੈਂਸ ਬਣਾ ਦਿੱਤੇ ਸਨ, ਜਿਨ੍ਹਾਂ ਨੂੰ ਸਾਬਕਾ ਡੀ. ਸੀ. ਰਜਤ ਅਗਰਵਾਲ ਵੱਲੋਂ ਨਾ ਸਿਰਫ ਡਿਸਮਿਸ ਕੀਤਾ ਗਿਆ ਸੀ, ਸਗੋਂ ਸਲਾਖਾਂ ਦੇ ਪਿੱਛੇ ਵੀ ਭੇਜਿਆ ਗਿਆ ਸੀ।

ਅਸਲਾ ਲਾਇਸੈਂਸਧਾਰਕਾਂ ਨੂੰ ਬਿਨਾਂ ਕਾਰਣ ਕਿੰਨਾ ਭਰਨਾ ਪੈਂਦਾ ਹੈ ਜੁਰਮਾਨਾ
- ਅਰਜ਼ੀ ਦੇਣ ਤੋਂ ਬਾਅਦ ਰੀਨਿਊ ਨਾ ਹੋਣ ’ਤੇ 5 ਹਜ਼ਾਰ ਜੁਰਮਾਨਾ।
- 3 ਹਥਿਆਰਾਂ ਪਿਸਟਲ, ਰਿਵਾਲਵਰ ਅਤੇ ਰਾਈਫਲ ਲਈ 7500 ਰੁਪਏ ਜੁਰਮਾਨਾ।
- ਇਕ ਜਾਂ 2 ਹਥਿਆਰਾਂ ’ਚ 5 ਹਜ਼ਾਰ ਜੁਰਮਾਨਾ।


Baljeet Kaur

Content Editor

Related News