ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਕੋਰੋਨਾ ਮਰੀਜ਼ ਹੋਣ ਦੀ ਫੈਲੀ ਅਫ਼ਵਾਹ
Tuesday, Jul 14, 2020 - 09:19 AM (IST)
ਅੰਮ੍ਰਿਤਸਰ (ਅਨਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਦਿਨ ਗੁਰੂ ਰਾਮਦਾਸ ਸਰ੍ਹਾਂ ਦੇ ਬਾਹਰ ਅਫ਼ਵਾਹ ਫੈਲ ਗਈ ਕਿ ਕੋਰੋਨਾ ਦੇ ਕੋਈ ਤਿੰਨ ਮਰੀਜ਼ ਅੰਦਰ ਦਾਖਲ ਹੋ ਗਏ ਨੇ ਜਿਨ੍ਹਾਂ ਨੂੰ ਸਾਹ ਬਹੁਤ ਔਖੇ ਆ ਰਹੇ ਨੇ ਤੇ ਉਨ੍ਹਾਂ ਨੂੰ ਐਂਬੂਲੈਂਸ 'ਚ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀ ਵੈਨ 'ਚ ਲਿਜਾਇਆ ਜਾ ਰਿਹਾ ਹੈ। ਇਸ ਨਾਲ ਸੰਗਤਾਂ 'ਚ ਭਾਜੜ ਮੱਚ ਗਈ ਤੇ ਕਈ ਸੰਗਤਾਂ ਦਰਸ਼ਨ ਕਰਨ ਆਈਆਂ ਵਾਪਸ ਮੁੜਦੀਆਂ ਦੇਖੀਆਂ ਗਈਆਂ। ਜਦ ਵੈਨ ਵਾਲੇ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇਕ ਪਤੀ-ਪਤਨੀ ਤੇ ਇਕ ਬੱਚਾ ਹੈ, ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਲਿਜਾਇਆ ਜਾ ਰਿਹਾ ਹੈ। ਉਸੇ ਸਮੇਂ ਡਿਸਪੈਂਸਰੀ 'ਚ ਬੈਠੀ ਬੀਬੀ ਡਾਕਟਰ ਨੂੰ ਪੁੱਛਣ 'ਤੇ ਪਤਾ ਚੱਲਿਆ ਕਿ ਇਹ ਇਕ ਭੀਖਾਰੀ ਪਰਿਵਾਰ ਹੈ ਜੋ ਸਰ੍ਹਾਂ ਦੇ ਬਾਹਰ ਬੈਠਾ ਰਹਿੰਦਾ ਹੈ। ਇਨ੍ਹਾਂ ਨਾਲ ਜਿਹੜਾ ਬੱਚਾ ਹੈ ਉਸ ਨੂੰ ਅਕਸਰ ਮੌਸਮ ਦੇ ਬਦਲਣ ਕਾਰਣ ਇਨਫੈਕਸ਼ਨ ਹੋ ਜਾਂਦੀ ਹੈ ਤੇ ਅੱਗੇ ਵੀ ਇਸ ਬੱਚੇ ਨੂੰ ਕਈ ਵਾਰ ਹਸਪਤਾਲ ਭੇਜਿਆ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਘਰ ਗਏ ਪ੍ਰੇਮੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫਿਰ ਘਟੀ ਸੰਗਤਾਂ ਦੀ ਆਮਦ
ਭਰ ਗਰਮੀ ਤੇ ਕੋਰੋਨਾ ਲਾਗ ਦਾ ਕਹਿਰ ਵਧਣ ਕਾਰਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦੀ ਆਮਦ ਫੇਰ ਘੱਟਦੀ ਦੇਖੀ ਗਈ। ਭਾਵੇਂ ਤਾਪਮਾਨ 35 ਡਿਗਰੀ ਹੀ ਰਿਹਾ ਪਰ ਹਵਾ ਦੇ ਨਾ ਚੱਲਣ 'ਤੇ ਹੁੰਮਸ ਹੋਣ ਕਾਰਣ ਕੇਵਲ ਕੁਝ ਕੁ ਗਿਣਤੀ 'ਚ ਸ਼ਹਿਰ ਦੀਆਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੀਆਂ। ਅੰਮ੍ਰਿਤ ਵੇਲੇ ਕਿਵਾੜ ਖੁੱਲ੍ਹਣ ਉਪਰੰਤ ਸੰਗਤਾਂ ਬੇਨਤੀ ਰੂਪੀ ਸ਼ਬਦ ਪੜ੍ਹਦੀਆਂ ਦਰਸ਼ਨਾਂ ਲਈ ਸੱਚਖੰਡ ਪੁੱਜੀਆਂ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੁੱਲਾਂ ਨਾਲ ਸਜੀ ਪਾਲਕੀ 'ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਗ੍ਰੰਥੀ ਸਿੰਘ ਵਲੋਂ ਮੁੱਖ ਵਾਕ ਲਿਆ ਗਿਆ, ਜਿਸ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਈ। ਰਾਤ ਨੂੰ ਸੁਖਆਸਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਨਹਿਰੀ ਪਾਲਕੀ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸੁਖਆਸਣ ਅਸਥਾਨ 'ਤੇ ਬਿਰਾਜਮਾਨ ਕੀਤਾ ਗਿਆ। ਸਾਰਾ ਦਿਨ ਸੰਗਤਾਂ ਵਲੋਂ ਠੰਢੇ-ਮਿੱਠੇ ਜਲ, ਪਰਿਕਰਮਾ ਦੇ ਇਸ਼ਨਾਨ, ਜੋੜੇ ਘਰ ਤੇ ਗੁਰੂ ਕੇ ਲੰਗਰ ਦੀ ਸੇਵਾ ਨਿਰੰਤਰ ਚੱਲਦੀ ਰਹੀ।
ਇਹ ਵੀ ਪੜ੍ਹੋਂ : ਸੇਰ ਨੂੰ ਟੱਕਰਿਆ ਸਵਾ ਸੇਰ, ਲਾਈਨਮੈਨ ਦੇ ਚਲਾਨ ਦਾ ਬਦਲਾ, ਥਾਣੇ ਦੀ ਬਿਜਲੀ ਕੱਟ ਕੇ ਕੀਤਾ 1.45 ਲੱਖ ਜੁਰਮਾਨਾ