ਸੇਲ ਟੈਕਸ ਵਿਭਾਗ ਦਾ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਛਾਪਾ, 290 ਨਗ ਜ਼ਬਤ

Friday, Jul 27, 2018 - 01:14 AM (IST)

ਸੇਲ ਟੈਕਸ ਵਿਭਾਗ ਦਾ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਛਾਪਾ, 290 ਨਗ ਜ਼ਬਤ

ਅੰਮ੍ਰਿਤਸਰ, (ਇੰਦਰਜੀਤ)-  ਸੇਲ ਟੈਕਸ ਵਿਭਾਗ ਨੇ ਇਕ ਵੱਡੀ ਕਾਰਵਾਈ ’ਚ 4 ਮੋਬਾਇਲ ਵਿੰਗ ਟੀਮਾਂ ਦੀ ਅਗਵਾਈ ਵਿਚ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਰਾਤ ਨੂੰ ਛਾਪੇਮਾਰੀ ਕੀਤੀ। ਇਸ ਦੌਰਾਨ ਵਿਭਾਗ ਨੇ 290 ਨਗ ਬਰਾਮਦ ਕਰ ਕੇ ਉਨ੍ਹਾਂ ਨੂੰ ਜ਼ਬਤ ਕਰ ਲਿਆ। ਇਸ ਉਪਰੰਤ ਬਰਾਮਦ ਮਾਲ ਨੂੰ ਘਨੱਈਆ ਮਾਰਕੀਟ ਸਥਿਤ ਮੋਬਾਇਲ ਵਿੰਗ ਦੇ ਦਫਤਰ ’ਚ ਟਰਾਂਸਫਰ ਕਰ ਦਿੱਤਾ ਗਿਆ। ਉਥੇ ਹੀ ਵਪਾਰੀਆਂ ਨੇ ਕਿਹਾ ਕਿ ਮਾਲ ਪੂਰਾ ਬਿੱਲ ਦੇ ਨਾਲ ਹੈ।
ਜਾਣਕਾਰੀ ਮੁਤਾਬਕ ਬੀਤੀ ਰਾਤ ਸੇਲ ਟੈਕਸ ਮੋਬਾਇਲ ਵਿੰਗ ਨੇ ਸੂਚਨਾ ਦੇ ਆਧਾਰ ’ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਰੇਡ ਕੀਤੀ। ਵਿਭਾਗ ਦੀ ਕਾਰਵਾਈ ’ਚ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਤੇ ਪਠਾਨਕੋਟ (ਮਾਧੋਪੁਰ) ਦੇ 2 ਦਰਜਨ ਦੇ ਕਰੀਬ ਅਧਿਕਾਰੀ ਤੇ 2 ਦਰਜਨ ਦੇ ਕਰੀਬ ਪੁਲਸ ਆਈ. ਆਰ. ਬੀ. ਦੇ ਜਵਾਨ ਸ਼ਾਮਿਲ ਸਨ। ਵਿਭਾਗ ਦੀ ਅਚਾਨਕ ਛਾਪੇਮਾਰੀ ਨਾਲ ਰੇਲਵੇ ਸਟੇਸ਼ਨ ’ਤੇ ਹਡ਼ਕੰਪ ਮਚ ਗਿਆ। ਇਸ ਅਚਾਨਕ ਛਾਪੇਮਾਰੀ ’ਚ ਸੇਲ ਟੈਕਸ ਵਿਭਾਗ ਦੀਅਾਂ ਟੀਮਾਂ ਨੇ ਰੇਲਵੇ ਪਲੇਟਫਾਰਮ ਨੇੜੇ ਬਣੀ ਸ਼ੈੱਡ ਵਿਚ ਮਾਲ ਦੇ 290 ਨਗ ਬਰਾਮਦ ਕੀਤੇ। ਇਹ ਮਾਲ ਦਿੱਲੀ ਅਤੇ ਹੋਰ ਪ੍ਰਦੇਸ਼ਾਂ ਤੋਂ ਆਇਆ ਸੀ। ਵਿਭਾਗ ਨੂੰ ਸੂਚਨਾ ਸੀ ਕਿ ਮਾਲ 2 ਨੰਬਰ ਵਿਚ ਮੰਗਵਾਇਆ ਗਿਆ ਹੈ। ਮਹਿਕਮਾ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੀ ਵੈਲਿਊਏਸ਼ਨ ਤੋਂ ਬਾਅਦ ਇਸ ’ਤੇ ਪੈਨਲਟੀ ਲਾਈ ਜਾਵੇਗੀ।
ਟਰਾਂਸਪੋਰਟ ਕੰਪਨੀਆਂ ’ਤੇ ਸ਼ੱਕ : ਰੇਲਵੇ ਸਟੇਸ਼ਨ ’ਤੇ ਇਸ ਗੱਲ ’ਤੇ ਚਰਚਾ ਸੀ ਕਿ ਟਰਾਂਸਪੋਰਟ ਹਡ਼ਤਾਲ ਕਾਰਨ ਟਰੱਕਾਂ ’ਤੇ ਮਾਲ ਨਾ ਆਉਣ ਕਾਰਨ ਲੋਕ ਰੇਲਵੇ ਰਾਹੀਂ ਮਾਲ ਮੰਗਵਾ ਰਹੇ ਹਨ। ਇਸ ਵਿਚ ਟਰਾਂਸਪੋਰਟਰ ਹਨ ਅਤੇ ਕੁਝ ਇਨ੍ਹਾਂ ’ਚੋਂ ਲੋਕਾਂ ਨੇ ਸੇਲ ਟੈਕਸ ਵਿਭਾਗ ਨੂੰ ਸੂਚਨਾ ਦਿੱਤੀ ਹੈ।
ਇਸ ਮੌਕੇ ਲਖਬੀਰ ਸਿੰਘ, ਜੈਸਿਮਰਨ ਸਿੰਘ, ਦਿਨੇਸ਼ ਗੌਡ, ਸੁਸ਼ੀਲ ਕੁਮਾਰ, ਹਰਮੀਤ ਸਿੰਘ, ਇੰਦਰਪਾਲ ਭੱਲਾ, ਵਿਨੋਦ ਕੁਮਾਰ ਤੱਖੀ, ਹਰਮਿੰਦਰ ਸਿੰਘ ਦੇ ਨਾਲ ਇੰਸ. ਮੈਡਮ ਸੀਤਾ ਅਟਵਾਲ, ਰਾਜੀਵ ਮਰਵਾਹਾ, ਅਮਿਤ ਵਿਆਸ, ਤ੍ਰਿਲੋਕ ਚੰਦਰ, ਬ੍ਰਿਜ ਮੋਹਨ, ਉਂਕਾਰ ਨਾਥ ਆਦਿ ਮੌਜੂਦ ਸਨ।


Related News