ਪਾਕਿ ਦਾ ਸਭ ਤੋਂ ਖੂਬਸੂਰਤ ਰੇਲਵੇ ਸਟੇਸ਼ਨ ਸ੍ਰੀ ਨਨਕਾਣਾ ਸਾਹਿਬ 'ਚ ਬਣੇਗਾ

Saturday, Jun 22, 2019 - 12:09 PM (IST)

ਪਾਕਿ ਦਾ ਸਭ ਤੋਂ ਖੂਬਸੂਰਤ ਰੇਲਵੇ ਸਟੇਸ਼ਨ ਸ੍ਰੀ ਨਨਕਾਣਾ ਸਾਹਿਬ 'ਚ ਬਣੇਗਾ

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜ਼ਿਲਾ ਸ੍ਰੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਦਿੱਖ-ਖਿੱਚਵਾਂ ਰੂਪ ਦਿੱਤਾ ਜਾਵੇਗਾ। ਇਹ ਸਟੇਸ਼ਨ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ 'ਤੇ ਆਧੁਨਿਕ ਢੰਗ ਨਾਲ ਉਸਾਰਿਆ ਜਾ ਰਿਹਾ ਪਾਕਿਸਤਾਨ ਦਾ ਸਭ ਤੋਂ ਖੂਬਸੂਰਤ ਤੇ ਵਿਸ਼ਾਲ ਸਟੇਸ਼ਨ ਹੋਵੇਗਾ। ਬੀਤੇ ਦਿਨ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ੍ਰੀ ਨਨਕਾਣਾ ਸਾਹਿਬ 'ਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਧਾਰਮਿਕ ਤੇ ਗੈਰ-ਸਪਾਟਾ ਤੇ ਹੈਰੀਟੇਜ ਕਮੇਟੀ ਦੇ ਮੁਖੀ ਤੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਨੇ ਨਵੇਂ ਉਸਾਰੇ ਜਾ ਰਹੇ ਰੇਲਵੇ ਸਟੇਸ਼ਨ ਦਾ ਦੌਰਾ ਕਰਨ ਉਪਰੰਤ ਉਕਤ ਵਿਚਾਰ ਸਾਂਝੇ ਕੀਤੇ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਰੇਲਵੇ ਸਟੇਸ਼ਨ 'ਤੇ ਯਾਤਰੂਆਂ ਦੀ ਅਸਥਾਈ ਰਿਹਾਇਸ਼ ਤੇ ਆਰਾਮ ਕਰਨ ਲਈ ਵੇਟਿੰਗ ਹਾਲ ਤੇ ਸਰਾਂ ਵੀ ਬਣਾਈ ਜਾ ਰਹੀ ਹੈ। ਗਵਰਨਰ ਨੇ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੱਕ ਉਸਾਰੀ ਜਾਣ ਵਾਲੀ ਸੁਰੰਗ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਵੀ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੁਰੰਗ ਰਾਹੀਂ ਯਾਤਰੂ ਰੇਲਵੇ ਸਟੇਸ਼ਨ ਤੋਂ ਸਿੱਧੇ ਗੁਰਦੁਆਰਾ ਸਾਹਿਬ ਪਹੁੰਚ ਸਕਣਗੇ ਤੇ ਉਨ੍ਹਾਂ ਦੀ ਆਮਦ ਦੌਰਾਨ ਸ਼ਹਿਰ 'ਚ ਜਾਮ ਨਹੀਂ ਲੱਗੇਗਾ।

ਗਵਰਨਰ ਨੇ ਦੱਸਿਆ ਕਿ ਗੁਰਪੁਰਬ ਮੌਕੇ 10 ਹਜ਼ਾਰ ਯਾਤਰੂਆਂ ਲਈ ਵੀਜ਼ਾ ਜਾਰੀ ਕੀਤਾ ਜਾਵੇਗਾ ਤੇ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਦਾ ਪਹਿਲਾ ਪੜਾਅ ਵੀ ਪੂਰੀ ਤਰ੍ਹਾਂ ਨਾਲ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਇੰਗਲੈਂਡ ਦੇ ਸਿੱਖ ਕਾਰੋਬਾਰੀਆਂ ਵਲੋਂ ਪਾਕਿ ਸਥਿਤ ਗੁਰਧਾਮਾਂ ਦੇ ਰੱਖ-ਰਖਾਅ ਲਈ ਤਕਰੀਬਨ 44 ਅਰਬ ਰੁਪਏ ਤੋਂ ਵੱਧ ਯੋਗਦਾਨ ਪਾਉਣ ਸਬੰਧੀ ਕੀਤੇ ਗਏ ਐਲਾਨ ਦਾ ਵੀ ਸਵਾਗਤ ਕੀਤਾ।


author

Baljeet Kaur

Content Editor

Related News