ਮੁੜ ਤਾਜ਼ਾ ਹੋਏ ਅੰਮ੍ਰਿਤਸਰ ਰੇਲ ਹਾਦਸੇ ਦੇ ਜ਼ਖਮ
Sunday, Feb 03, 2019 - 03:31 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਦੁਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਦਾ ਦਰਦ ਅੱਜ ਫਿਰ ਉਸ ਵੇਲੇ ਜਾਗ ਉੱਠਿਆ ਜਦੋਂ ਸਰਕਾਰ ਵਲੋਂ ਪੀੜਤ ਪਰਿਵਾਰਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਗਾਉਣ ਲਈ ਨੂੰ ਉਨ੍ਹਾਂ 25-25 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਦੌਰਾਨ ਪੀੜਤ ਪਰਿਵਾਰਾਂ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਸਰਕਾਰ ਖਿਲਾਫ ਕਾਫੀ ਗੁੱਸਾ ਦੇਖਣ ਨੂੰ ਮਿਲਿਆ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ 'ਚ ਸਰਕਾਰ ਵਲੋਂ ਇਕ ਸਮਾਗਮ ਰੱਖਿਆ ਗਿਆ ਸੀ ਇਸ ਸਮਾਗਮ 'ਚ ਪੰਜਾਬ ਦੇ ਕੈਬਨਿਟ ਮੰਤਰੀ ਓ. ਪੀ. ਸੋਨੀ ਤੇ ਕਾਂਗਰਸੀ ਵਿਧਾਇਕ ਸਣੇ ਕੁਝ ਸਮਾਜ ਸੇਵੀਆਂ ਵਲੋਂ ਅੰਮ੍ਰਿਤਸਰ ਰੇਲ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਇਸ ਦੌਰਾਨ ਹਾਦਸਾ ਪੀੜਤਾਂ ਦੇ ਦਰਦ ਦੇ ਨਾਲ-ਨਾਲ ਸਰਕਾਰ ਪ੍ਰਤੀ ਗੁੱਸਾ ਵੀ ਫੁੱਟ ਗਿਆ। ਪੀੜਤਾਂ ਦਾ ਦੋਸ਼ ਹੈ ਕਿ ਸਰਕਾਰ ਨੇ 5-5 ਲੱਖ ਦੇ ਚੈੱਕ ਦੇ ਕੇ ਉਨ੍ਹਾਂ ਦੇ ਮੂੰਹ ਬੰਦ ਕਰ ਦਿੱਤੇ ਪਰ ਵਾਅਦੇ ਮੁਤਾਬਕ ਨੌਕਰੀ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਸਰਕਾਰ ਮੁੱਠੀ ਕੁ ਪੈਸੇ ਦੇ ਕੇ ਸਾਡਾ ਮੂੰਹ ਬੰਦ ਕਰਨਾ ਚਾਹੁੰਦੀ ਹੈ ਤੇ ਦੋਸ਼ੀਆਂ ਖਿਲਾਫ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਦੌਰਾਨ ਉਨ੍ਹਾਂ ਨੇ ਇਸ ਹਾਦਸੇ ਲਈ ਲੋਕਾਂ ਦੀ ਗਲਤੀ ਦੱਸਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਜੇ ਸਾਡੀ ਗਲਤੀ ਹੈ ਤਾਂ ਉਹ ਆਪਣੇ ਚੈੱਕ ਵਾਪਸ ਲੈ ਜਾਣ।
ਦੱਸ ਦੇਈਏ ਅੰਮ੍ਰਿਤਸਰ 'ਚ ਦੁਸਹਿਰੇ ਵਾਲੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ 'ਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ।