ਡਿਊਟੀ 'ਤੇ ਤਾਇਨਾਤ ਪੁਲਸ ਅਫਸਰ ਦੀ ਗੋਲੀ ਲੱਗਣ ਨਾਲ ਮੌਤ (ਵੀਡੀਓ)
Thursday, Dec 20, 2018 - 02:13 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) - ਜੰਡਿਆਲਾ ਟਾਊਨ ਪੁਲਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਸਤਿੰਦਰਪਾਲ ਸਿੰਘ ਦੀ ਬੀਤੀ ਰਾਤ ਅਚਾਨਕ ਸਿਰ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਗੋਲੀ ਕਿਸ ਤਰ੍ਹਾਂ ਚੱਲੀ, ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲਾ ਦਿਹਾਤੀ ਐੱਸ. ਐੱਸ. ਪੀ. ਪਰਮਪਾਲ ਸਿੰਘ ਤੇ ਐੱਸ. ਪੀ. ਡੀ. ਹਰਪਾਲ ਸਿੰਘ ਪੁਲਸ ਸਮੇਤ ਹੋਰ ਅਧਿਕਾਰੀ ਮੌਕੇ 'ਤੇ ਪੁੱਜ ਗਏ। ਪੁਲਸ ਨੇ ਖਾਲੀ ਕਾਰਤੂਸ ਤੇ ਸਰਕਾਰੀ ਪਿਸਟਲ ਕਬਜ਼ੇ ਵਿਚ ਲੈਣ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਨ ਪਸੰਦ ਤੇ ਡਿਊਟੀ ਪ੍ਰਤੀ ਵਫਾਦਾਰ ਸੀ ਸਤਿੰਦਰਪਾਲ ਸਿੰਘ
ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਪਰਮਪਾਲ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਸਤਿੰਦਰਪਾਲ ਸਿੰਘ ਬਹੁਤ ਹੀ ਈਮਾਨਦਾਰ, ਅਮਨ ਪਸੰਦ ਤੇ ਡਿਊਟੀ ਪ੍ਰਤੀ ਵਫਾਦਾਰ ਪੁਲਸ ਅਫਸਰ ਸੀ। ਇਸ ਅਧਿਕਾਰੀ ਨੇ ਪੂਰੇ ਇਲਾਕੇ ਵਿਚ ਜੁਰਮ 'ਤੇ ਨਕੇਲ ਕੱਸੀ ਹੋਈ ਸੀ। ਸਤਿੰਦਰਪਾਲ ਸਿੰਘ ਸਵੇਰੇ ਹਰ ਰੋਜ਼ 5 ਵਜੇ ਦੇ ਕਰੀਬ ਸ਼ਾਖਾ ਜਾਂਦਾ ਸੀ ਤੇ ਹਰ ਵੇਲੇ ਆਪਣੀ ਸਰਕਾਰੀ ਪਿਸਟਲ ਲੋਡ ਰੱਖਦਾ ਸੀ। ਬੀਤੀ ਰਾਤ ਵੀ ਉਹ ਆਪਣੇ ਸਿਰਹਾਣੇ ਪਿਸਟਲ ਰੱਖ ਕੇ ਸੁੱਤਾ ਸੀ। ਇਸ ਦਲੇਰ ਅਫਸਰ ਦੀ ਮੌਤ ਨਾਲ ਵਿਭਾਗ ਨੂੰ ਬਹੁਤ ਵੱਡਾ ਘਾਟਾ ਪਿਆ ਹੈ।